ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੈਸ਼ਨਲ ਹਾਈਵੇ 703ਏ 'ਤੇ ਬਣ ਰਹੇ ਫਲਾਈਓਵਰ ਹੇਠਾਂ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ 'ਅੰਮਿ੍ਤਸਰ ਜਾਮਨਗਰ ਸੜਕ' ਦੇ ਰੋਜਾਨਾ ਅੰਨੇਵਾਹ ਵਗਦੇ ਟਰਾਲਿਆਂ 'ਚੋਂ ਇੱਕ ਟਰਾਲਾ ਡਰਾਇਵਰ ਨੇ ਇੱਕ ਵਾਹਨ ਨੂੰ ਓਵਰਟੇਕ ਕਰਦਿਆਂ ਆਪਣਾ ਟਰਾਲਾ ਫਲਾਈਓਵਰ ਹੇਠਾਂ ਵੱਡੇ ਬੀਮ ਵਿੱਚ ਫਸਾ ਦਿੱਤਾ | ਇਸ ਸਬੰਧੀ ਟਰਾਲਾ ਡਰਾਇਵਰ ਸ਼ਮਸ਼ੇਰ ਸਿੰਘ ਪੁੱਤਰ ਸਰਵਣ ਸਿੰਘ ਪਿੰਡ ਮਾਨੋਚਾਹਲ ਜਿਲ੍ਹਾ ਤਰਨ ਤਾਰਨ ਨੇ ਕਿਹਾ ਕਿ ਉਹ ਖਾਲੀ ਟਰਾਲਾ ਲੈ ਕੇ ਆ ਲੋਹੀਆਂ ਵੱਲੋਂ ਮੱਖੁੂ ਵੱਲ ਨੂੰ ਜਾ ਰਿਹਾ ਸੀ ਕਿ ਸਾਹਮਣੇ ਤੋਂ ਪਾਣੀ ਵਾਲੀ ਟੈਂਕੀ ਦੇ ਆਉਣ ਕਾਰਨ ਇਹ ਹਾਦਸਾ ਵਾਪਰ ਗਿਆ ਹੈ | ਇਸ ਸਬੰਧੀ ਪੁੱਲ ਬਣਾ ਰਹੀ ਠੇਕੇਦਾਰ ਦੀ ਕੰਪਨੀ ਦੇ ਇੰਜ਼ੀ: ਕੁਲਦੀਪ ਸ਼ਰਮਾ ਨੇ ਕਿਹਾ ਕਿ ਉਕਤ ਡਰਾਇਵਰ ਨੇ ਸਿੰਗਲ ਸਰਵਿਸ ਰੋਡ 'ਤੇ ਪਾਣੀ ਵਾਲੀ ਟੈਂਕੀ ਨੂੰ ਗਲਤ ਓਵਰਟੇਕ ਕੀਤਾ ਹੈ, ਜਿਸ ਨਾਲ ਇਹ ਹਾਦਸਾ ਵਾਪਰਿਆ ਹੈ | ਉਨ੍ਹਾਂ ਕਿਹਾ ਕਿ ਉਪਰ ਰੱਖੇ ਵੱਡੇ ਬੀਮ ਜਿਨ੍ਹਾਂ ਨੂੰ ਦੋ ਵੱਡੀਆਂ ਪੋਕਲੇਨ ਮਸ਼ੀਨਾਂ ਰਾਹੀਂ ਉੱਪਰ ਟਿਕਾਇਆ ਹੋਇਆ ਹੈ, ਜੇਕਰ ਹੇਠਾਂ ਡਿੱਗ ਜਾਂਦੇ ਤਾਂ ਵੱਡਾ ਹਾਦਸਾ ਹੋ ਜਾਣਾ ਸੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਲੋਹੀਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਥੇ ਦੱਸਣਯੋਗ ਹੈ ਕਿ ਇਨ੍ਹਾਂ ਹੀ ਓਵਰਲੋਡ ਟਰਾਲਿਆਂ ਕਾਰਨ 'ਫਲਾਈਓਵਰ' ਦੇ ਏਰੀਏ ਦੇ ਵਿੱਚ ਵਿੱਚ ਦੋ ਮੌਤਾਂ ਪਹਿਲਾਂ ਹੋ ਚੁੱਕੀਆਂ ਹਨ ਅਤੇ ਪ੍ਰਸ਼ਾਸ਼ਨ ਲੋਕਾਂ ਦੀ ਜਾਨ ਮਾਲ ਦਾ ਹੋਰ ਕਿੰਨਾ ਨੁਕਸਾਨ ਕਰਵਾ ਕੇ ਆਵਾਜਾਈ ਨਿਯਮਾਂ ਦੀਆਂ ਵੱਖ ਵੱਖ ਉਲੰਘਣਾਂ ਕਰ ਰਹੇ 'ਇਨ੍ਹਾਂ ਟਰਾਲਿਆਂ' ਨੂੰ ਕਦੋਂ ਨੱਥ ਪਾਵੇਗਾ, ਇਹ ਵੀਚਾਰਨਯੋਗ ਗੱਲ ਹੈ |