ਆਦਮਪੁਰ, 27 ਮਈ (ਹਰਪ੍ਰੀਤ ਸਿੰਘ)- ਸਥਾਨਕ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਗਊਸ਼ਾਲਾ ਆਦਮਪੁਰ ਦੇ ਸੰਚਾਲਕ ਨਵਜੋਤ ਭਾਰਦਵਾਜ ਵੱਲੋਂ ਆਦਮਪੁਰ ਵਿਖੇ ਭਾਰੀ ਮਾਤਰਾ 'ਚ ਗਊ ਮਾਸ ਬਰਾਮਦ ਕੀਤਾ ਗਿਆ | ਜਾਣਕਾਰੀ ਦਿੰਦੇ ਸੰਚਾਲਕ ਨਵਜੋਤ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਆਦਮਪੁਰ ਦੇ ਖਾਦੀ ਮੰਡਲ ਆਦਮਪੁਰ ਦੀ ਬਣੀ ਪੁਰਾਣੀ ਇਮਾਰਤ ਦੇ ਕਮਰਿਆਂ 'ਚ ਕਿਰਾਏ 'ਤੇ ਰਹਿ ਰਹੇ ਹੋਰ ਸੂਬੇ ਦੇ ਪਰਿਵਾਰਾਂ ਨਾਜਾਇਜ਼ ਤੌਰ 'ਤੇ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ਆਪਣੇ ਮੈਂਬਰਾਂ ਸਮੇਤ ਇਨ੍ਹਾਂ ਪਰਿਵਾਰਾਂ ਦੇ ਘਰਾਂ ਵਿਚ ਜਾ ਕੇ ਦੇਖਿਆ ਕਿ ਇਨ੍ਹਾਂ ਦੀਆਂ ਫ਼ਰਿਜਾਂ 'ਚ ਕਰੀਬ 10 ਕਿੱਲੋ ਮਾਸ ਬਰਾਮਦ ਕੀਤਾ | ਇਸ ਦੀ ਜਾਣਕਾਰੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਸ ਨੂੰ ਆਪਣੇ ਕਬਜ਼ੇ ਵਿਚ ਲਿਆ | ਜਾਣਕਾਰੀ ਦਿੰਦੇ ਥਾਣਾ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਕਾਰਵਾਈ ਕਰਦੇ ਹੋਏ ਪਰਿਵਾਰ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਇਸ ਮਾਮਲੇ ਸੰਬੰਧੀ ਪੁੱਛਗਿੱਛ ਕਰ ਕੇ ਮਾਮਲੇ ਦਰਜ ਕੀਤਾ ਜਾਵੇਗਾ | ਮਾਸ ਦੇ ਸੈਂਪਲ ਜਾਂਚ ਲਈ ਸਰਕਾਰੀ ਲੈਬ ਵਿਚ ਭੇਜ ਦਿੱਤੇ ਜਾਣਗੇ | ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਨਵਜੋਤ ਨੇ ਕਿਹਾ ਕਿ ਆਦਮਪੁਰ ਦੇ ਨੇੜੇ ਪਿੰਡਾਂ ਵਿਚ ਬਾਹਰਲੇ ਇਲਾਕੇ ਵਿਚ ਆਏ ਨਾਜਾਇਜ਼ ਤੌਰ 'ਤੇ ਰਹਿ ਰਹੇ ਲੋਕ ਪਿੰਡਾਂ ਦੇ ਸਰਪੰਚਾਂ ਦੀ ਕਥਿਤ ਮਿਲੀ ਭੁਗਤ ਨਾਲ ਆਧਾਰ ਕਾਰਡ ਬਣਾ ਕੇ ਰਹਿੰਦੇ ਹਨ ਜੋ ਅੱਜ ਵੀ ਗਊ ਮਾਸ ਦੀ ਸ਼ਰੇਆਮ ਤਸਕਰੀ ਕਰਦੇ ਹਨ ਜਿਨ੍ਹਾਂ ਉਪਰ ਥਾਣਾ ਆਦਮਪੁਰ 'ਚ ਕਾਫ਼ੀ ਮਾਮਲੇ ਦਰਜ ਹਨ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਜੋ ਵਿਅਕਤੀ ਇਨ੍ਹਾਂ ਨੂੰ ਪਨਾਹ ਦਿੰਦੇ ਹਨ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੇ ਨਾਲ ਇਨਕੁਆਰੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਦੀ ਸਹੀ ਪਹਿਚਾਣ ਕੀਤੀ ਜਾਵੇ |