06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵੇਰਕਾ ਮਿਲਕ ਪਲਾਂਟ ਨੇੜੇ ਕਾਰ ਕੱਢਣ ਨੂੰ ਲੈ ਕੇ ਹੋਇਆ ਵਿਵਾਦ, ਜੋਤੀ ਨੂਰਾਂ ਦੇ ਪਤੀ ਸਮੇਤ ਕਈਆਂ 'ਤੇ ਹਮਲੇ ਦੇ ਦੋਸ਼

Ad Position 21
No active advertisement
ਅਜੀਤ ਡੈਸਕ 06-06-2026
ਮਕਸੂਦਾਂ, 5 ਜੂਨ (ਸੌਰਵ ਮਹਿਤਾ)-ਸ਼ਹਿਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਵੀਰਵਾਰ ਦੇਰ ਰਾਤ ਕਾਰ ਲੰਘਾਉਣ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਉਸ ਵੇਲੇ ਵੱਡੇ ਝਗੜੇ ਵਿੱਚ ਤਬਦੀਲ ਹੋ ਗਿਆ ਜਦੋਂ ਦੋ ਧਿਰਾਂ ਵਿਚਕਾਰ ਤਿੱਖੀ ਤਕਰਾਰ ਤੋਂ ਬਾਅਦ ਕੁੱਟਮਾਰ ਹੋ ਗਈ | ਇਸ ਮਾਮਲੇ ਵਿੱਚ ਇੱਕ ਧਿਰ ਨੇ ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਪਤੀ ਅਭਿਸ਼ੇਕ ਉਸਮਾਨ ਅਤੇ ਉਸ ਦੇ ਸਾਥੀਆਂ 'ਤੇ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਉੱਧਰ ਪੁਲਿਸ ਦਾ ਕਹਿਣਾ ਹੈ ਕਿ ਝਗੜੇ ਦੌਰਾਨ ਦੋਵਾਂ ਧਿਰਾਂ ਦੇ ਦੋ-ਦੋ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ | ਕਾਲੀਆ ਕਾਲੋਨੀ ਨਿਵਾਸੀ ਸਤਿੰਦਰ ਪਾਲ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੀ ਕਾਰ ਵਿੱਚ ਵੇਰਕਾ ਮਿਲਕ ਪਲਾਂਟ ਵੱਲ ਜਾ ਰਹੇ ਸਨ | ਇਸ ਦੌਰਾਨ ਸਾਹਮਣੇ ਤੋਂ ਆਈ ਇੱਕ ਕਾਰ ਸੜਕ 'ਤੇ ਰੁਕ ਗਈ, ਜਿਸ ਕਾਰਨ ਦੋਵਾਂ ਵਾਹਨਾਂ ਦੇ ਚਾਲਕਾਂ ਵਿਚਕਾਰ ਰਸਤਾ ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ | ਸਤਿੰਦਰ ਪਾਲ ਦਾ ਦੋਸ਼ ਹੈ ਕਿ ਕਾਰ ਵਿੱਚ ਸਵਾਰ 4 ਤੋਂ 5 ਨੌਜਵਾਨਾਂ ਨੇ ਪਹਿਲਾਂ ਗਾਲੀ-ਗਲੋਚ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਮੌਕੇ 'ਤੇ ਬੁਲਾਇਆ ਤਾਂ ਉਸ ਨਾਲ ਵੀ ਹੱਥੋਪਾਈ ਕੀਤੀ ਗਈ | ਸਤਿੰਦਰ ਪਾਲ ਦਾ ਦਾਅਵਾ ਹੈ ਕਿ ਕੁਝ ਹਮਲਾਵਰਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਵੀ ਸਨ, ਜਿਨ੍ਹਾਂ ਨਾਲ ਡਰਾਉਣ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਮੁਤਾਬਕ ਪੂਰੀ ਘਟਨਾ ਦੀ ਵੀਡੀਓ ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਵਿੱਚ ਰਿਕਾਰਡ ਕਰ ਲਈ ਹੈ, ਜੋ ਜਾਂਚ ਵਿੱਚ ਅਹਿਮ ਸਬੂਤ ਸਾਬਤ ਹੋ ਸਕਦੀ ਹੈ | ਝਗੜੇ ਵਿੱਚ ਜ਼ਖ਼ਮੀ ਹੋਏ ਪਿਤਾ-ਪੁੱਤਰ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ | ਪੀੜਤ ਧਿਰ ਦਾ ਕਹਿਣਾ ਹੈ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਵਾਦ ਵਿੱਚ ਸ਼ਾਮਿਲ ਕਾਰ ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਪਤੀ ਅਭਿਸ਼ੇਕ ਉਸਮਾਨ ਨਾਲ ਸਬੰਧਿਤ ਸੀ | ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੂੰ ਦੇ ਦਿੱਤੀ | ਪ੍ਰਤੱਖਦਰਸ਼ੀਆਂ ਅਨੁਸਾਰ ਘਟਨਾ ਦੌਰਾਨ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.) ਦੀ ਟੀਮ ਵੀ ਮੌਕੇ 'ਤੇ ਪਹੁੰਚੀ ਹੋਈ ਸੀ, ਪਰ ਵਿਵਾਦ ਤੋਂ ਬਾਅਦ ਸੰਬੰਧਿਤ ਵਿਅਕਤੀ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਉੱਥੋਂ ਚਲੇ ਗਏ | ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਇੰਸਪੈਕਟਰ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਘਟਨਾ ਨਾਲ ਸਬੰਧਿਤ ਹਰ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੋਟਲਾਂ, ਬਾਰ ਵਾਲਿਆਂ ਨੂੰ ਨਿਯਮਾਂ ਨੂੰ ਲਾਗੂ ਕਰਨ ਦੀ ਹਦਾਇਤ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 5 ਰੋਜ਼ਾ ਗੁਰਮਤਿ ਚੇਤਨਾ ਕੈਂਪ ਸਮਾਪਤ <br/>
Ad Position 24
No active advertisement