ਜਲੰਧਰ, 5 ਜੂਨ (ਐੱਮ. ਐੱਸ. ਲੋਹੀਆ)-ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੀ ਮੰਗ ਕਰਦੇ ਹੋਏ ਮੁਸਲਿਮ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਵਲੋਂ ਗੁਲਾਬ ਦੇਵੀ ਰੋਡ 'ਤੇ ਈਦਗਾਹ ਮਸਜਿਦ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ | ਪ੍ਰਧਾਨ ਐਡਵੋਕੇਟ ਨਈਮ ਖਾਨ ਦੀ ਅਗਵਾਈ ਹੇਠ ਕੀਤੇ ਗਏ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਆਪਣੇ ਹੱਥਾਂ 'ਚ ਬੈਨਰ ਅਤੇ ਤਖ਼ਤੀਆਂ ਫੜ ਕੇ ਗਊ ਰੱਖਿਆ ਦੇ ਸਮਰਥਨ 'ਚ ਆਪਣੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਗਾਂ ਬਾਰੇ ਰਾਜਨੀਤੀ ਅਤੇ ਸਮਾਜਿਕ ਵਿਵਾਦਾਂ 'ਚ ਪੈਣ ਦੀ ਬਜਾਏ ਇਸਦੀ ਰੱਖਿਆ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਸੱਚ 'ਚ ਗਊ ਰੱਖਿਆ ਪ੍ਰਤੀ ਗੰਭੀਰ ਹਨ, ਤਾਂ ਉਹ ਇਸਨੂੰ ਰਾਸ਼ਟਰੀ ਪਸ਼ੂ ਐਲਾਨਣ ਅਤੇ ਇਸਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਅਤੇ ਨਿਯਮ ਲਾਗੂ ਕਰਨ | ਉਨ੍ਹਾਂ ਕਿਹਾ ਕਿ 2015 ਤੋਂ 2018 ਦੇ ਵਿਚਕਾਰ, ਗਾਂ ਦੇ ਨਾਮ 'ਤੇ 120 ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ | ਕਈ ਘਟਨਾਵਾਂ 'ਚ, ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਇਕ ਸਪੱਸ਼ਟ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਭਾਈਚਾਰੇ ਨਾਲ ਵਿਤਕਰਾ ਨਾ ਹੋਵੇ ਅਤੇ ਸਮਾਜਿਕ ਸਦਭਾਵਨਾ ਬਣੀ ਰਹੇ | ਐਡਵੋਕੇਟ ਨਈਮ ਖਾਨ ਨੇ ਮੰਗ ਕੀਤੀ ਕਿ ਗਾਵਾਂ ਦੀ ਸੁਰੱਖਿਆ ਲਈ ਹਰ ਜ਼ਿਲ੍ਹੇ 'ਚ ਗਊਸ਼ਾਲਾਵਾਂ ਬਣਾਈਆਂ ਜਾਣ | ਇਸ ਮੌਕੇ ਮੁਸਲਿਮ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਸਈਅਦ ਅਲੀ, ਗੁੱਜਰ ਵਿੰਗ ਦੇ ਪ੍ਰਧਾਨ ਰਹਿਮਤ ਅਲੀ, ਸੰਗਠਨ ਦੇ ਯੂਥ ਪ੍ਰਧਾਨ ਸਿਕੰਦਰ, ਮੁਖਤਾਰ ਸ਼ੇਖ, ਅਰਮਾਨ ਸ਼ੇਖ, ਮੌਲਾਨਾ ਜ਼ਾਕਿਰ ਹੁਸੈਨ ਰਿਜ਼ਵੀ, ਸ਼ਹਾਦਤ ਖਾਨ, ਮੁਹੰਮਦ ਆਲਮ, ਬਦਰੂਲ ਖਾਨ, ਜਾਸੀਮੁਦੀਨ ਮਦੀਨਾ, ਇਰਸ਼ਾਦ ਅਲੀ ਠੇਕੇਦਾਰ, ਜੱਬਾਰ ਖਾਨ, ਤਬਰੇਜ਼ ਅਤੇ ਹੋਰ ਹਾਜ਼ਰ ਸਨ |