ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਲੰਮਾ ਪਿੰਡ ਦੀ ਕਾਲੀ ਸੜਕ 'ਤੇ ਹੋਈ ਵਾਰਦਾਤ
ਅਜੀਤ ਡੈਸਕ
06-06-2026
ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਦੀ ਕਾਲੀ ਸੜਕ 'ਤੇ ਇਕ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ | ਪੀੜਤਾਂ ਵਲੋਂ ਆਪਣੇ ਹੀ ਇਕ ਨਸ਼ੇੜੀ ਰਿਸ਼ਤੇਦਾਰ 'ਤੇ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਹ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ | ਅਨਿਲ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ 'ਚ ਘਰ ਤੋਂ ਬਾਹਰ ਗਿਆ ਸੀ | ਵਾਪਸ ਆਇਆ ਤਾਂ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਤਾਂ ਠੀਕ ਸੀ | ਪਰ ਅੰਦਰ ਪਿਆ ਸਾਰਾ ਸਾਮਾਨ ਖਿਲਰਿਆ ਪਿਆ ਸੀ | ਦੋਸ਼ ਹੈ ਕਿ ਚੋਰ ਗੁਆਂਢੀਆਂ ਦੇ ਘਰ ਰਾਹੀਂ ਉਨ੍ਹਾਂ ਦੇ ਘਰ 'ਚ ਆ ਵੜਿਆ ਤੇ ਉਸ ਵਲੋਂ ਕਰੀਬ 5 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਚੋਰੀ ਕਰ ਲਈ ਗਈ | ਪੀੜਤ ਦਾ ਕਹਿਣਾ ਹੈ ਕਿ ਇਹ ਚੋਰੀ ਉਸ ਦੇ ਰਿਸ਼ਤੇਦਾਰੀ 'ਚ ਲੱਗਦੇ ਭਰਾ ਵਲੋਂ ਕੀਤੀ ਗਈ ਹੈ | ਉਹ ਨਸ਼ੇ ਕਰਦਾ ਹੈ | ਇਸ ਤੋਂ ਪਹਿਲਾਂ ਵੀ ਉਹ ਚੋਰੀ ਕਰ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ 'ਚ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |