ਜਲੰਧਰ, 5 ਜੂਨ (ਜਤਿੰਦਰ ਪੰਮੀ)-ਅਵਤਾਰ ਨਗਰ ਦੀ ਗਲੀ ਨੰਬਰ ਜ਼ੀਰੋ ਵਿੱਚ ਰਹਿਣ ਵਾਲੀ ਨੀਤੂ ਪਤਨੀ ਮਨੀ ਨੇ ਘਰ ਅੰਦਰ ਫਾਹਾ ਲੈ ਕੇ ਜਾਨ ਦਿੱਤੀ ਸੀ | ਪੁਲਿਸ ਨੇ ਨੀਤੂ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਮਾਂ ਸੀਮਾ ਦੇ ਬਿਆਨਾਂ 'ਤੇ ਥਾਣਾ ਭਾਰਗੋ ਕੈਂਪ ਵਿਚ ਮਿ੍ਤਕਾ ਦੇ ਪਤੀ ਮਨੀ ਤੇ ਜੇਠਾਣੀ ਸਵਿਤਾ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਾਰਗੋ ਕੈਂਪ ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਨੀਤੂ ਦੀ ਮੌਤ ਦੀ ਸੂਚਨਾ ਮਿਲਣ ਉਪਰੰਤ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਉਸ ਦੇ ਸਹੁਰੇ ਘਰ ਪਹੁੰਚੇ | ਇਸ ਦੌਰਾਨ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਵੀ ਪਹੁੰਚ ਗਏ | ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੀਤੂ ਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਸੀ | ਉਨ੍ਹਾਂ ਦੱਸਿਆ ਕਿ ਮਿ੍ਤਕਾ ਦੀ ਮਾਤਾ ਸੀਮਾ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਾਇਆ ਹੈ ਕਿ ਨੀਤੂ ਦਾ ਪਤੀ ਮਨੀ ਅਤੇ ਉਸ ਦੀ ਜੇਠਾਣੀ ਸਵਿਤਾ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਅਕਸਰ ਤੰਗ ਕਰਦੇ ਸਨ | ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗ ਹੈ ਕਿ ਮਿ੍ਤਕਾ ਦੀ ਜੇਠਾਣੀ ਸਵਿਤਾ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਚਲੀ ਗਈ ਸੀ, ਜਦਕਿ ਨਾਮਜ਼ਦ ਮੁਲਜ਼ਮ ਮਨੀ ਵੀ ਫਰਾਰ ਹੋ ਗਿਆ ਸੀ | ਪੁਲਿਸ ਵਲੋਂ ਦੋਵਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਓਧਰ ਪੁਲਿਸ ਨੇ ਨੀਤੂ ਦੀ ਮਿ੍ਤਕ ਦੇਹ ਦਾ ਪੋਸਟਰਮਾਰਟਮ ਕਰਵਾਉਣ ਉਪਰੰਤ ਲਾਸ਼ ਉਸ ਦੇ ਪੇਕਿਆਂ ਨੂੰ ਸੌਂਪ ਦਿੱਤੀ, ਜਿਨ੍ਹਾਂ ਨੇ ਬਾਅਦ ਦੁਪਹਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ | ਮਿ੍ਤਕਾ ਦੇ ਪੇਕਾ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ | ਦੱਸਣਯੋਗ ਹੈ ਕਿ ਵੀਰਵਾਰ ਨੂੰ ਨੀਤੂ ਦੀ ਭੇਤਭਰੇ ਹਾਲਤ 'ਚ ਮੌਤ ਹੋ ਗਈ ਸੀ ਅਤੇ ਉਸ ਨੂੰ ਗੁਆਂਢ 'ਚ ਰਹਿੰਦੇ ਨੌਜਵਾਨ ਨੇ ਸਿਵਲ ਹਸਪਤਾਲ ਪਹੁੰਚਾਇਆ ਸੀ, ਜਿੱਥੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ ਸੀ | ਸੂਚਨਾ ਮਿਲਣ 'ਤੇ ਉਸ ਦੇ ਪੇਕੇ ਪਰਿਵਾਰ ਨੇ ਦੋਸ਼ ਲਾਏ ਸਨ ਕਿ ਨੀਤੂ ਦਾ ਡੇਢ ਸਾਲ ਪਹਿਲਾਂ ਮਨੀ ਨਾਲ ਪ੍ਰੇਮ ਵਿਆਹ ਹੋਇਆ ਸੀ ਅਤੇ ਸਹੁਰਾ ਪਰਿਵਾਰ ਉਸ ਨੂੰ ਦਾਜ ਲਿਆਉਣ ਲਈ ਤੰਗ ਕਰਦੇ ਸਨ | ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |