ਜਲੰਧਰ ਛਾਉਣੀ, 5 ਜੂਨ (ਪਵਨ ਖਰਬੰਦਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਅਕਤੂਬਰ 2022 'ਚ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਉਸਾਰੀ ਕਰਨ ਵਾਲੀ ਕੰਪਨੀ ਵਲੋਂ ਜੂਨ 2024 'ਚ ਪੂਰੀ ਤਰ੍ਹਾਂ ਤਿਆਰ ਕਰਕੇ ਲੋਕਾਂ ਦੇ ਸਪੂਰਦ ਕੀਤਾ ਜਾਣਾ ਸੀ ਪ੍ਰੰਤੂ ਠੇਕੇਦਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਜਲੰਧਰ ਛਾਉਣੀ ਦਾ ਇਹ ਰੇਲਵੇ ਸਟੇਸ਼ਨ ਅੱਜ ਤੱਕ ਪੂਰੀ ਤਰ੍ਹਾਂ ਤਿਆਰ ਨਾਂ ਹੋਣ ਕਾਰਨ ਲੋਕਾਂ ਦੇ ਸਪੂਰਦ ਨਹੀਂ ਹੋ ਸਕਿਆ ਹੈ, ਜਿਸ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਜਿਸ ਵੀ ਕੰਪਨੀ ਨੂੰ ਇਸ ਰੇਲਵੇ ਸਟੇਸ਼ਨ ਦੀ ਉਸਾਰੀ ਕਰਨ ਦਾ ਠੇਕਾ ਦਿੱਤਾ ਗਿਆ ਹੈ, ਉਸ ਵਲੋਂ ਵੱਡੇ ਪੱਧਰ 'ਤੇ ਇਸ ਨੂੰ ਤਿਆਰ ਕਰਨ 'ਚ ਢਿੱਲ ਵਰਤੀ ਗਈ ਹੈ | ਇੱਥੇ ਦੱਸਣਯੋਗ ਹੈ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਕੇਂਦਰ ਸਰਕਾਰ ਵਲੋਂ ਲਿਫਟਾਂ ਅਤੇ ਐਕਸੀਲੈਟਰ ਲਾਏ ਜਾ ਰਹੇ ਹਨ ਪ੍ਰੰਤੂ ਅੱਜ ਤੱਕ ਲਿਫਟਾਂ ਅਤੇ ਐਕਸੀਲੈਟਰ ਚਾਲੂ ਨਾਂ ਹੋਣ ਕਾਰਨ ਬਜ਼ੁਰਗਾਂ ਤੇ ਖਾਸ ਤੌਰ 'ਤੇ ਛੋਟੇ ਬੱਚਿਆਂ ਨੂੰ ਅਜੇ ਵੀ ਪੌੜੀਆਂ ਚੜ੍ਹ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਵਿਧਾ ਲਈ 10 ਲਿਫਟਾਂ ਤੇ 8 ਐਕਸੀਲੈਟਰ ਲਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਯਾਤਰੀਆਂ ਦੀ ਸੁਵਿਧਾ ਲਈ ਪਾਣੀ ਵਾਲੇ ਏਟੀਐਮ ਵੀ ਲਾਏ ਗਏ ਹਨ ਤੇ ਯਾਤਰੀਆਂ ਦਾ ਸਾਮਾਨ ਰੱਖਣ ਲਈ ਡਿਜੀਟਲ ਲਾਕਰ ਵੀ ਲਾ ਦਿੱਤੇ ਗਏ ਹਨ | ਰੇਲਵੇ ਸਟੇਸ਼ਨ ਦਾ ਬਾਹਰੀ ਹਿੱਸਾ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਤੇ ਉਕਤ ਸਟੇਸ਼ਨ 'ਤੇ ਵਾਹਨ ਲੈ ਕੇ ਆਉਣ ਵਾਲੇ ਯਾਤਰੀਆਂ ਲਈ 200 ਦੇ ਕਰੀਬ ਵਾਹਨਾਂ ਨੂੰ ਖੜ੍ਹੇ ਕਰਨ ਲਈ ਪਾਰਕਿੰਗ ਤਿਆਰ ਕੀਤੀ ਗਈ ਹੈ | ਇਸ ਦੇ ਨਾਲ ਹੀ ਸੀਵਰੇਟ ਟਰੀਟਮੈਂਟ ਪਲਾਂਟ, ਅੰਡਰਗਰਾਂਉਂਡ ਟੈਂਕ, ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲਗਾਉਣ ਦੇ ਨਾਲ ਨਾਲ 350 ਕਿਲੋਵਾਟ ਤੱਕ ਦਾ ਸੋਲਰ ਸਿਸਟਮ ਵੀ ਲਾਇਆ ਗਿਆ ਦੱਸਿਆ ਜਾ ਰਿਹਾ ਹੈ | ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਲਈ ਵੀ ਲਗੇਜ ਸਕੈਨਿੰਗ ਮਸ਼ੀਨ ਆਦਿ ਲਾ ਦਿੱਤੀਆਂ ਗਈਆਂ ਹਨ | ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ 90 ਫੀਸਦੀ ਤੱਕ ਕੰਮ ਪੂਰਾ ਹੋ ਚੁੱਕਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ 'ਚ ਲਿਫਟਾਂ ਅਤੇ ਐਕਸੀਲੈਟਰ ਚਾਲੂ ਹੋਣ ਦੇ ਨਾਲ ਨਾਲ ਬਾਕੀ ਰਹਿੰਦੇ ਕੰਮਾਂ ਨੂੰ ਵੀ ਠੇਕੇਦਾਰ ਵਲੋਂ ਪੂਰਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ |