ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)-'ਜਿਵੇਂ-ਜਿਵੇਂ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸਨੂੰ ਵੇਖਦੇ ਹੋਏ ਸੂਬੇ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਲੋਕਾਂ ਨੂੰ ਭਰਮਾਉਣ ਲਈ ਬਿਆਨਾਂ ਰਾਹੀਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ | ਇਹੋ ਜਿਹਾ ਇਕ ਹਾਸੋਹੀਣਾ ਬਿਆਨ ਨਵ-ਨਿਯੁਕਤ ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਦਿੱਤਾ ਜਾ ਰਿਹਾ ਹੈ ਕਿ ਭਾਜਪਾ ਵਲੋਂ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲਿਆਂਦਾ ਜਾਵੇਗਾ | ਪੰਜਾਬ ਪ੍ਰਧਾਨ ਜੀ, ਕੇਂਦਰ ਵਿਚ ਤੁਹਾਡੀ ਸਰਕਾਰ ਹੈ, ਜਿਸ ਵਲੋਂ ਦੇਸ਼ ਆਪਣੇ ਚਹੇਤਿਆਂ ਨੂੰ ਵੇਚ ਦਿੱਤਾ ਗਿਆ ਹੈ | ਭਾਜਪਾ ਦੇ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਨਹੀਂ ਸੀ |' ਇਹ ਪ੍ਰਗਟਾਵਾ ਬਸਪਾ ਪੰਜਾਬ ਦੇ ਸੀਨੀਅਰ ਆਗੂ ਤੇ ਪੰਚਾਇਤ ਯੂਨੀਅਨ ਜਲੰਧਰ ਦੇ ਪ੍ਰਧਾਨ ਰਾਮ ਸਿੰਘ ਬੋਲੀਨਾ ਵਲੋਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ ਲਿਖੇ ਹਨ, ਉਹ ਭਾਜਪਾ ਦੀਆਂ ਇਹੋ ਜਿਹੀਆਂ ਗੱਲਾਂ ਵਿਚ ਨਹੀਂ ਆਉਣਗੇ | ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਸੀ, ਜਦੋਂਕਿ ਭਾਜਪਾ ਦੀ ਸਿਆਸਤ ਤਾਂ ਹੁੰਦੀ ਹੀ ਧਰਮ ਦੇ ਨਾਂਅ 'ਤੇ ਹੈ | ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ 'ਚ ਲੋਕ ਬਸਪਾ ਦੇ ਹੱਕ 'ਚ ਫ਼ਤਹਾ ਦੇਣਗੇ | ਇਹ ਉਮੀਦ ਕੀਤੀ ਜਾ ਰਹੀ ਹੈ |