ਲੋਹੀਆਂ ਖਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੰਬੇ ਸਮੇਂ ਤੋਂ ਪੰਚਾਇਤਾਂ, ਥਾਣੇ ਦਿੱਤੀਆਂ ਦਰਖਾਸਤਾਂ ਦੇ ਬਾਵਜੂਦ ਸਾਡੇ ਜਮੀਨੀ ਮਾਮਲੇ ਦਾ ਹੱਲ ਤਾਂ ਨਹੀਂ ਹੋਇਆ ਸਗੋਂ ਲੋਹੀਆਂ ਪੁਲਿਸ ਵੱਲੋਂ 'ਕੋਈ ਵੀ ਹਿੱਲਜੁਲ' ਨਾ ਕਰਨ ਦੀ ਹਦਾਇਤ ਦੇ ਬਾਵਜੂਦ ਸਾਡੇ ਘਰ ਦੀ ਕੰਧ ਢਾਹ ਕੇ ਲਖਵਿੰਦਰ ਸਿੰਘ ਸੋਨੀ ਪੁੱਤਰ ਪੂਰਨ ਸਿੰਘ, ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਅਤੇ ਹੋਰਾਂ ਨੇ ਤੇਜਧਾਰ ਹਥਿਆਰਾਂ ਦੀ ਨੋਕ 'ਤੇ ਦਰਵਾਜਾ ਕੱਢ ਲਿਆ ਹੈ | ਇਨ੍ਹਾਂ ਦੋਸ਼ਾਂ ਸਬੰਧੀ ਇੱਕ ਸ਼ਿਕਾਇਤ ਸਰਬਜੀਤ ਕੌਰ ਪਤਨੀ ਸ਼ਿੰਗਾਰਾ ਸਿੰਘ ਅਤੇ ਗੁਰਜੀਤ ਕੌਰ ਪਤਨੀ ਗਿਆਨ ਸਿੰਘ ਵਾਸੀ ਜਾਣੀਆਂ ਚਾਹਲ ਵੱਲੋਂ ਥਾਣਾ ਲੋਹੀਆਂ ਵਿਖੇ ਦਰਜ ਕਰਵਾਈ ਗਈ ਹੈ | ਇਸ ਸਬੰਧੀ ਥਾਣਾ ਲੋਹੀਆਂ ਵਿਖੇ ਪੁੱਜੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਸੁਖਬੀਰ ਸਿੰਘ ਬੱਲ, ਕ੍ਰਿਪਾਲ ਸਿੰਘ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ, ਦੀਦਾਰ ਸਿੰਘ, ਚਰਨਜੀਤ ਸਿੰਘ, ਕਸ਼ਮੀਰ ਸਿੰਘ, ਮੁਖਤਿਆਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਅਤੇ ਗਿਆਨ ਸਿੰਘ ਵਾਸੀ ਜਾਣੀਆਂ ਚਾਹਲ ਪਰਿਵਾਰ ਨਾਲ ਉਕਤ ਦੋਸ਼ੀ ਪਰਿਵਾਰ ਅਤੇ ਪ੍ਰਸ਼ਾਸ਼ਨ ਧੱਕਾ ਕਰ ਰਿਹਾ ਹੈ, ਕਦੇ ਕੁੱਟਮਾਰ ਕਰਦਾ ਹੈ ਅਤੇ ਕਦੇ ਨਜ਼ਾਇਜ ਕਬਜਾ ਕਰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਪੀੜ੍ਹਤ ਪਰਿਵਾਰ ਦੀ ਸੁਣਵਾਈ ਨਾ ਕੀਤੀ ਤਾਂ ਅਸੀਂ ਨਿਆਂ ਲੈਣ ਲਈ ਧਰਨਾ ਲਗਾ ਦੇਵਾਂਗੇ | ਇਸ ਸਬੰਧੀ ਲਖਵਿੰਦਰ ਸਿੰਘ ਸੋਨੀ ਦੇ ਪੁੱਤਰ ਏਕਮਜੋਤ ਸਿੰਘ ਨੇ ਫੋਨ 'ਤੇ ਦੱਸਿਆ ਕਿ ਅਸੀਂ ਆਪਣੀ ਹੀ ਕੰਧ ਢਾਹੀ ਹੈ ਅਤੇ ਆਪਣੀ ਜਗ੍ਹਾ ਵਿੱਚ ਹੀ ਦਰਵਾਜਾ ਕੱਢਿਆ ਹੈ, ਨਾ ਕਿ ਕਿਸੇ ਹੋਰ ਦੀ ਕੰਧ ਢਾਈ ਹੈ | ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਥਾਣਾ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਦਾਇਤਾਂ ਕੀਤੀਆਂ ਹੋਈਆਂ ਸਨ ਕਿ ਕੋਈ ਵੀ ਧਿਰ ਵਾਧਾ ਨਹੀਂ ਕਰੇਗੀ, ਜੇਕਰ ਕਿਸੇ ਨੇ ਵਾਧਾ ਕੀਤਾ ਹੋਇਆ ਤਾਂ ਉਸ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |