ਜਲੰਧਰ, 8 ਜੂਨ (ਪਵਨ ਖਰਬੰਦਾ)-ਅਮਰੀਕਾ-ਈਰਾਨ ਦੇ ਚੱਲ ਰਹੇ ਯੁੱਧ ਦੀ ਆੜ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਤੋਂ ਬੱਚਣ ਲਈ ਦਿਨੋਂ ਦਿਨ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦੇ ਦਲਦਲ 'ਚ ਸੁੱਟਦੀ ਜਾ ਰਹੀ ਹੈ, ਜਿਸ 'ਚੋਂ ਬਾਹਰ ਨਿਕਲਣਾ ਦੇਸ਼ ਦੇ ਲੋਕਾਂ ਲਈ ਆਉਣ ਵਾਲੇ ਸਮੇਂ 'ਚ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ ਤੇ ਵੱਧ ਰਹੀ ਮਹਿੰਗਾਈ ਕਾਰਨ ਲੋਕ ਕਰਜ਼ੇ ਹੇਠਾਂ ਦਬਦੇ ਜਾ ਰਹੇ ਹਨ, ਜਿਸ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕਾਂ ਦੀ ਆਰਥਿਕ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਮਰਸ਼ੀਅਲ ਗੈਸ ਦੀ ਕੀਮਤ 'ਚ ਹਜ਼ਾਰਾ ਰੁਪਏ ਦਾ ਵਾਧਾ ਕਰਕੇ ਹੋਟਲ, ਰੈਸਟੋਰੈਂਟ ਤੇ ਖਾਣ ਪੀਣ ਦੀਆਂ ਛੋਟੀਆਂ ਛੋਟੀਆਂ ਰੇਹੜੀਆਂ ਆਦਿ ਲਾ ਕੇ ਆਪਣੇ ਕਾਰੋਬਾਰ ਚਲਾਉਣ ਵਾਲੇ ਵਪਾਰੀਆਂ ਦਾ ਲੱਕ ਤੋੜ ਦਿੱਤਾ ਸੀ ਤੇ ਹੁਣ ਮੋਦੀ ਸਰਕਾਰ ਵਲੋਂ ਘਰੈਲੂ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਦੇ ਹੋਏ ਗਰੀਬ ਤੇ ਆਮ ਲੋਕਾਂ ਦੇ ਬਜਟ ਨੂੰ ਬਿਗਾੜ ਕੇ ਰੱਖ ਦਿੱਤਾ ਹੈ | ਰਾਣਾ ਰੰਧਾਵਾ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੀ ਜਾ ਰਹੀ ਇਸ ਧੱਕਸ਼ਾਹੀ ਦੌਰਾਨ ਉਹ ਸੂਬੇ ਦੇ ਲੋਕਾਂ ਦੀ ਸਾਰ ਲੈਣ ਤੇ ਆਰਥਿਕ ਪੱਖੋਂ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ | ਰਾਣਾ ਰੰਧਾਵਾ ਨੇ ਕੇਂਦਰ ਦੀ ਮੋੇਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਮਹਿੰਗਾਈ ਦੇ ਦਲਦਲ 'ਚ ਫੱਸ ਰਹੇ ਲੋਕਾਂ ਨੂੰ ਜਲਦ ਤੋਂ ਜਲਦ ਆਰਥਿਕ ਮਦਦ ਮੁਹੱਈਆ ਕਰਵਾਈ ਜਾਵੇ ਨਾਂ ਤਾਂ ਆਉਣ ਵਾਲੇ ਦਿਨਾਂ 'ਚ ਇਸ ਵੱਧ ਰਹੀ ਮਹਿੰਗਾਈ ਦੇ ਰੋਸ ਵਜੋਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ |