ਜਲੰਧਰ, 15 ਜੂਨ (ਜਤਿੰਦਰ ਪੰਮੀ)-ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੀ ਸ਼ੇਰ ਸਿੰਘ ਕਾਲੋਨੀ ਦੇ ਗੁਰੂ ਰਾਮਦਾਸ ਇਨਕਲੇਵ ਦੇ ਇਕ ਤਾਲਾਬੰਦ ਘਰ ’ਚੋਂ ਬੀਤੀ 4 ਜੂਨ ਨੂੰ ਗਲੀ-ਸੜੀ ਹਾਲਤ ’ਚ ਮਿਲੀ ਤਨਿਸ਼ ਅਰੋੜਾ ਦੀ ਲਾਸ਼ ਦੇ ਮਾਮਲੇ ’ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਸਿੰਘ ਵਾਸੀ ਪਿੰਡ ਬੁਲੰਦਪੁਰ ਹਾਲ ਵਾਸੀ ਸ਼ੇਰ ਸਿੰਘ ਕਾਲੋਨੀ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਵਾਰਦਾਤ ’ਚ ਵਰਤਿਆ ਗਿਆ ਚਾਕੂ ਤੇ ਦਾਤਰ ਵੀ ਬਰਾਮਦ ਕਰ ਲਿਆ ਹੈ। ਦੱਸਣਯੋਗ ਹੈ ਇਕ ਸ਼ੇਰ ਸਿੰਘ ਕਾਲੋਨੀ ਦੇ ਉਕਤ ਘਰ ’ਚੋਂ ਬਦਬੂ ਆਉਣ ਉਪਰੰਤ ਆਸ-ਪਾਸ ਦੇ ਲੋਕਾਂ ਨੇ ਲੈਦਰ ਕੰਪਲੈਕਸ ਦੀ ਪੁਲਿਸ ਚੌਕੀ ਨੂੰ ਇਤਲਾਹ ਦਿੱਤੀ ਸੀ। ਜਦੋਂ ਪੁਲਿਸ ਨੇ ਉਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਉਕਤ ਘਰ ਦੀ ਪਹਿਲੀ ਮੰਜ਼ਿਲ ’ਤੇ ਕਮਰੇ ਦਾ ਤਾਲਾ ਤੋੜ ਕੇ ਤਲਾਸ਼ੀ ਲਈ ਤਾਂ ਅੰਦਰੋਂ ਕੰਬਲ ਵਿੱਚ ਲਪੇਟੀ ਹੋਈ ਗਲੀ-ਸੜੀ ਲਾਸ਼ ਬਰਾਮਦ ਹੋਈ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਤਨਿਸ਼ ਅਰੋੜਾ ਵਾਸੀ ਗੁਰੂ ਨਾਨਕ ਪਾਰਕ ਬਸਤੀ ਸ਼ੇਖ ਵਜੋਂ ਹੋਈ ਸੀ। ਚੌਕੀ ਇੰਚਾਰਜ ਅਜਮੇਰ ਲਾਲ ਨੇ ਲਾਸ਼ ਕਬਜ਼ੇ ’ਚ ਲੈ ਕੇ ਮ੍ਰਿਤਕ ਦੇ ਭਰਾ ਮੁਨੀਸ਼ ਅਰੋੜਾ ਦੇ ਬਿਆਨ ’ਤੇ ਦੀਪਕ ਕੁਮਾਰ ਸਿੰਘ ਖ਼ਿਲਾਫ਼ ਧਾਰਾ 103, 3 (5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਇਸ ਸੰਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ.ਪੀ-2 ਰਾਕੇਸ਼ ਯਾਦਵ ਜੋ ਕਿ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ, ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁੱਖ ਮੁਲਜ਼ਮ ਦੀਪਕ ਕੁਮਾਰ ਸਿੰਘ ਆਪਣੇ ਰਿਸ਼ਤੇਦਾਰ ਦੇ ਘਰ ਝਾਰਖੰਡ ਪਨਾਹ ਲਈ ਬੈਠਾ ਹੈ। ਪੁਲਿਸ ਟੀਮ ਨੇ ਝਾਰਖੰਡ ਜਾ ਕੇ ਮੁਲਜ਼ਮ ਨੂੰ ਉਥੋਂ ਕਾਬੂ ਕਰ ਲਿਆ ਅਤੇ ਉਸ ਕੋਲੋਂ ਵਾਰਦਾਤ ’ਚ ਵਰਤਿਆ ਗਿਆ ਚਾਕੂ ਤੇ ਦਾਤਰ ਬਰਾਮਦ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਕੋਲੋਂ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ, ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈ ਇੰਦਰ ਸਿੰਘ, ਲੈਦਰ ਕੰਪਲੈਕਸ ਚੌਕੀ ਇੰਚਾਰਜ ਅਜਮੇਰ ਲਾਲ ਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।ਮ੍ਰਿਤਕ ਦੇ ਭਰਾ ਨੇ ਹੱਤਿਆ ’ਚ ਇਕ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਪ੍ਰਗਟਾਇਆ ਸੀ ਸ਼ੱਕ ਦੱਸਣਯੋਗ ਹੈ ਕਿ ਮ੍ਰਿਤਕ ਤਨਿਸ਼ ਅਰੋੜਾ ਦੇ ਭਰਾ ਮੁਨੀਸ਼ ਅਰੋੜਾ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਸ਼ੱਕ ਪ੍ਰਗਟਾਇਆ ਸੀ ਕਿ ਉਸ ਦੇ ਭਰਾ ਦੀ ਹੱਤਿਆ ਇਕ ਨਹੀਂ ਬਲਕਿ ਵੱਧ ਵਿਅਕਤੀਆਂ ਵਲੋਂ ਕੀਤੀ ਗਈ ਹੈ। ਉਸ ਦਾ ਕਹਿਣਾ ਸੀ ਕਿ ਤਨਿਸ਼ ਕਾਫੀ ਜਵਾਨ ਸੀ ਅਤੇ ਇਕ ਜਾਂ ਦੋ ਵਿਅਕਤੀਆਂ ਦਾ ਮੁਕਾਬਲਾ ਕਰ ਸਕਦਾ ਸੀ। ਇਸ ਲਈ ਪੁਲਿਸ ਇਸ ਸ਼ੱਕ ਦੇ ਆਧਾਰ ’ਤੇ ਵੀ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਵਾਰਦਾਤ ’ਚ ਹੋਰ ਲੋਕਾਂ ਦੀ ਸ਼ਮੂਲੀਅਤ ਬਾਰੇ ਪਤਾ ਲਾਇਆ ਜਾ ਸਕੇ।