01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਦਿੱਲੀ-ਲਖਨਊ ਦੇ ਹਾਦਸਿਆਂ ਨੇ ਵਜਾਈ ਖ਼ਤਰੇ ਦੀ ਘੰਟੀ ...ਕੀ ਜਲੰਧਰ ਅਗਲੀ ਤ੍ਰਾਸਦੀ ਦੀ ਉਡੀਕ ਕਰ ਰਿਹੈ ?

Ad Position 21
No active advertisement
ਅਜੀਤ ਡੈਸਕ 25-06-2026
ਮਕਸੂਦਾਂ, 24 ਜੂਨ (ਸੌਰਵ ਮਹਿਤਾ) - ਦਿੱਲੀ ਦੇ ਇੱਕ ਹੋਟਲ ਅਤੇ ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਵਾਪਰੇ ਦਰਦਨਾਕ ਅਗਨੀ ਕਾਂਡਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਘਟਨਾਵਾਂ ਵਿੱਚ ਦਰਜਨਾਂ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਅਤੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਹੋ ਗਿਆ ਕਿ, ਕੀ ਭੀੜ-ਭੜੱਕੇ ਵਾਲੀਆਂ ਇਮਾਰਤਾਂ ਵਿੱਚ ਫਾਇਰ ਸੇਫਟੀ ਪ੍ਰਬੰਧ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਹਨ? ਇਹੀ ਸਵਾਲ ਹੁਣ ਜਲੰਧਰ ਸ਼ਹਿਰ ਦੇ ਸੰਦਰਭ ਵਿੱਚ ਵੀ ਗੰਭੀਰਤਾ ਨਾਲ ਪੁੱਛਿਆ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਜਲੰਧਰ ਵਿੱਚ ਕੋਚਿੰਗ ਸੈਂਟਰਾਂ, ਹੋਟਲਾਂ, ਗੈਸਟ ਹਾਊਸਾਂ, ਪੀ.ਜੀ., ਹੋਸਟਲਾਂ, ਰੈਸਟੋਰੈਂਟਾਂ ਅਤੇ ਬੈਂਕੁਇਟ ਹਾਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਰ ਰੋਜ਼ ਹਜ਼ਾਰਾਂ ਲੋਕ ਇਨ੍ਹਾਂ ਇਮਾਰਤਾਂ ਵਿੱਚ ਆਉਂਦੇ-ਜਾਂਦੇ ਜਾਂ ਰਹਿੰਦੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਇਨ੍ਹਾਂ ਵਿੱਚੋਂ ਕਿੰਨੀਆਂ ਥਾਵਾਂ ਸੁਰੱਖਿਅਤ ਸਾਬਤ ਹੋਣਗੀਆਂ? ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਸੈਂਟਰਲ ਟਾਊਨ, ਮਾਡਲ ਟਾਊਨ, ਲਾਡੋਵਾਲੀ ਰੋਡ, ਨਕੋਦਰ ਰੋਡ ਅਤੇ ਹੋਰ ਕਈ ਵਪਾਰਕ ਇਲਾਕਿਆਂ ਵਿੱਚ ਛੋਟੇ-ਵੱਡੇ ਗੈਸਟ ਹਾਊਸ ਅਤੇ ਪੀ.ਜੀ. ਚੱਲ ਰਹੇ ਹਨ। ਇਨ੍ਹਾਂ ਵਿੱਚ ਵਿਦਿਆਰਥੀਆਂ, ਨੌਕਰੀਪੇਸ਼ਾ ਨੌਜਵਾਨਾਂ ਅਤੇ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੀ ਵੱਡੀ ਗਿਣਤੀ ਰਹਿੰਦੀ ਹੈ। ਕਈ ਇਮਾਰਤਾਂ ਤੰਗ ਗਲੀਆਂ ਜਾਂ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਸਥਿਤ ਹਨ ਜਿੱਥੇ ਐਮਰਜੈਂਸੀ ਵਾਹਨਾਂ ਦੀ ਪਹੁੰਚ ਪਹਿਲਾਂ ਹੀ ਇੱਕ ਚੁਣੌਤੀ ਬਣੀ ਹੋਈ ਹੈ। ਸ਼ਹਿਰ ਦੇ ਕਈ ਕੋਚਿੰਗ ਸੈਂਟਰ ਬਹੁ-ਮੰਜ਼ਿਲਾ ਇਮਾਰਤਾਂ ਵਿੱਚ ਚੱਲ ਰਹੇ ਹਨ, ਜਿੱਥੇ ਰੋਜ਼ਾਨਾ ਸੈਂਕੜੇ ਵਿਦਿਆਰਥੀ ਪੜ੍ਹਨ ਲਈ ਪਹੁੰਚਦੇ ਹਨ। ਕਈ ਥਾਵਾਂ ‘ਤੇ ਦਾਖ਼ਲੇ ਅਤੇ ਨਿਕਾਸ ਲਈ ਸਿਰਫ਼ ਇੱਕ ਹੀ ਰਸਤਾ ਹੈ। ਜੇਕਰ ਅਚਾਨਕ ਅੱਗ ਲੱਗ ਜਾਵੇ ਜਾਂ ਧੂੰਆਂ ਫੈਲ ਜਾਵੇ ਤਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੀ ਕੋਈ ਵਿਕਲਪਕ ਪ੍ਰਬੰਧ ਮੌਜੂਦ ਹੈ? ਇਹ ਸਵਾਲ ਅੱਜ ਵੀ ਜਵਾਬ ਦੀ ਉਡੀਕ ਕਰ ਰਿਹਾ ਹੈ।
ਇਸੇ ਤਰ੍ਹਾਂ ਸ਼ਹਿਰ ਦੇ ਕਈ ਹੋਟਲ, ਗੈਸਟ ਹਾਊਸ ਅਤੇ ਪੀਜੀ ਅਜਿਹੇ ਇਲਾਕਿਆਂ ਵਿੱਚ ਚੱਲ ਰਹੇ ਹਨ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਸਮੇਂ ਸਿਰ ਪਹੁੰਚਣਾ ਆਸਾਨ ਨਹੀਂ। ਜੇਕਰ ਰਾਤ ਦੇ ਸਮੇਂ ਕੋਈ ਹਾਦਸਾ ਵਾਪਰ ਜਾਵੇ ਤਾਂ ਅੰਦਰ ਰਹਿ ਰਹੇ ਲੋਕਾਂ ਲਈ ਸੁਰੱਖਿਅਤ ਨਿਕਾਸ ਕਿੰਨਾ ਸੰਭਵ ਹੋਵੇਗਾ, ਇਹ ਚਿੰਤਾ ਦਾ ਵਿਸ਼ਾ ਹੈ।ਰੈਸਟੋਰੈਂਟਾਂ ਅਤੇ ਕੈਫੇਆਂ ਵਿੱਚ ਗੈਸ ਸਿਲੰਡਰਾਂ, ਬਿਜਲੀ ਉਪਕਰਨਾਂ ਅਤੇ ਰਸੋਈ ਨਾਲ ਜੁੜੇ ਹੋਰ ਸਾਮਾਨ ਦੀ ਵਰਤੋਂ ਹੁੰਦੀ ਹੈ। ਅਜਿਹੇ ਸਥਾਨਾਂ ‘ਤੇ ਅੱਗ ਲੱਗਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਕੀ ਉੱਥੇ ਲੱਗੇ ਫਾਇਰ ਐਕਸਟਿੰਗਵਿਸ਼ਰ, ਅਲਾਰਮ ਸਿਸਟਮ ਅਤੇ ਐਮਰਜੈਂਸੀ ਨਿਕਾਸ ਰਸਤੇ ਹਮੇਸ਼ਾ ਕਾਰਗਰ ਹਾਲਤ ਵਿੱਚ ਹਨ ਜਾਂ ਸਿਰਫ਼ ਰਸਮੀ ਕਾਰਵਾਈ ਪੂਰੀ ਕਰਨ ਲਈ ਲਗਾਏ ਗਏ ਹਨ? ਸ਼ਹਿਰ ਦੇ ਕਈ ਵਪਾਰਕ ਇਲਾਕਿਆਂ ਵਿੱਚ ਟ੍ਰੈਫਿਕ ਜਾਮ, ਗੈਰ-ਕਾਨੂੰਨੀ ਕਬਜ਼ੇ ਅਤੇ ਸੜਕਾਂ ‘ਤੇ ਖੜ੍ਹੇ ਵਾਹਨ ਵੀ ਇੱਕ ਵੱਡੀ ਸਮੱਸਿਆ ਹਨ। ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੀ ਸਥਿਤੀ ਵਿੱਚ ਪਹਿਲੇ ਕੁਝ ਮਿੰਟ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਅਜਿਹੇ ਵਿੱਚ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਬਚਾਅ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਮ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਕਿਸੇ ਇਮਾਰਤ ਨੂੰ ਚਲਾਉਣ ਲਈ ਫਾਇਰ ਸੇਫਟੀ ਨਾਲ ਸਬੰਧਤ ਕਿਹੜੀਆਂ ਮਨਜ਼ੂਰੀਆਂ ਲਾਜ਼ਮੀ ਹਨ ਅਤੇ ਉਨ੍ਹਾਂ ਦੀ ਜਾਂਚ ਕਿੰਨੀ ਵਾਰ ਕੀਤੀ ਜਾਂਦੀ ਹੈ। ਅਕਸਰ ਵੱਡੇ ਹਾਦਸੇ ਤੋਂ ਬਾਅਦ ਹੀ ਚੈਕਿੰਗ ਮੁਹਿੰਮਾਂ ਸ਼ੁਰੂ ਹੁੰਦੀਆਂ ਹਨ ਅਤੇ ਕੁਝ ਸਮੇਂ ਬਾਅਦ ਮਾਮਲਾ ਮੁੜ ਠੰਢਾ ਪੈ ਜਾਂਦਾ ਹੈ। ਦਿੱਲੀ ਅਤੇ ਲਖਨਊ ਦੇ ਹਾਦਸੇ ਸਿਰਫ਼ ਦੋ ਸ਼ਹਿਰਾਂ ਦੀਆਂ ਘਟਨਾਵਾਂ ਨਹੀਂ, ਸਗੋਂ ਪੂਰੇ ਦੇਸ਼ ਲਈ ਇੱਕ ਚੇਤਾਵਨੀ ਹਨ। ਜਲੰਧਰ ਵਿੱਚ ਵੀ ਲੋੜ ਹੈ ਕਿ ਕੋਚਿੰਗ ਸੈਂਟਰਾਂ, ਹੋਟਲਾਂ, ਗੈਸਟ ਹਾਊਸਾਂ, ਪੀਜੀਆਂ, ਹੋਸਟਲਾਂ ਅਤੇ ਰੈਸਟੋਰੈਂਟਾਂ ਦਾ ਵਿਆਪਕ ਫਾਇਰ ਸੇਫਟੀ ਆਡਿਟ ਕੀਤਾ ਜਾਵੇ। ਸਿਰਫ਼ ਕਾਗਜ਼ਾਂ ਵਿੱਚ ਨਹੀਂ, ਸਗੋਂ ਮੌਕੇ ‘ਤੇ ਜਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਸੁਰੱਖਿਆ ਪ੍ਰਬੰਧ ਅਸਲ ਵਿੱਚ ਮੌਜੂਦ ਅਤੇ ਕਾਰਗਰ ਹਨ। ਕਿਉਂਕਿ ਹਰ ਵੱਡੇ ਹਾਦਸੇ ਤੋਂ ਬਾਅਦ ਇੱਕੋ ਗੱਲ ਸੁਣਨ ਨੂੰ ਮਿਲਦੀ ਹੈ—”ਜੇ ਸਮੇਂ ਸਿਰ ਜਾਂਚ ਹੋ ਜਾਂਦੀ ਤਾਂ ਸ਼ਾਇਦ ਇੰਨੀਆਂ ਜਾਨਾਂ ਨਾ ਜਾਂਦੀਆਂ।
ਜਲੰਧਰ ਵਿੱਚ ਉੱਠ ਰਹੇ ਹਨ ਇਹ 5 ਵੱਡੇ ਸਵਾਲ
1. ਸ਼ਹਿਰ ਦੇ ਕਿੰਨੇ ਕੋਚਿੰਗ ਸੈਂਟਰਾਂ ਅਤੇ ਪੀਜੀਆਂ ਦੀ ਹਾਲ ਹੀ ਵਿੱਚ ਫਾਇਰ ਸੇਫਟੀ ਜਾਂਚ ਹੋਈ ਹੈ?
2. ਕਿੰਨੇ ਹੋਟਲ, ਗੈਸਟ ਹਾਊਸ ਅਤੇ ਹੋਸਟਲ ਵੈਧ ਫਾਇਰ ਸੇਫਟੀ ਪ੍ਰਮਾਣ ਪੱਤਰਾਂ ਨਾਲ ਚੱਲ ਰਹੇ ਹਨ?
3. ਕੀ ਤੰਗ ਬਾਜ਼ਾਰਾਂ ਅਤੇ ਗਲੀਆਂ ਵਿੱਚ ਫਾਇਰ ਬ੍ਰਿਗੇਡ ਵਾਹਨ ਸਮੇਂ ਸਿਰ ਪਹੁੰਚ ਸਕਦੇ ਹਨ?
4. ਕੀ ਐਮਰਜੈਂਸੀ ਨਿਕਾਸ ਰਸਤੇ, ਫਾਇਰ ਅਲਾਰਮ ਅਤੇ ਅੱਗ ਬੁਝਾਉਣ ਵਾਲੇ ਯੰਤਰ ਕਾਰਗਰ ਹਾਲਤ ਵਿੱਚ ਹਨ?
5. ਕੀ ਪ੍ਰਸ਼ਾਸਨ ਕਿਸੇ ਹਾਦਸੇ ਤੋਂ ਪਹਿਲਾਂ ਕਾਰਵਾਈ ਕਰੇਗਾ ਜਾਂ ਫਿਰ ਕਿਸੇ ਵੱਡੀ ਤ੍ਰਾਸਦੀ ਦੀ ਉਡੀਕ ਕੀਤੀ ਜਾਵੇਗੀ?
ਨਫ਼ਰੀ ਦੀ ਕਮੀ ਤੇ ਵੀ.ਆਈ.ਪੀ. ਡਿਊਟੀਆਂ ਕਾਰਨ ਵੀ ਆਉਂਦੀਆਂ ਹਨ ਮੁਸ਼ਕਿਲਾਂ, ਫਿਰ ਵੀ ਨਹੀਂ ਹੋਵੇਗੀ ਅਣਗਹਿਲੀ : ਮਨਿੰਦਰ ਸਿੰਘ (ਏ.ਡੀ.ਐਫ.ਓ.)
ਜਲੰਧਰ ਦੇ ਸਹਾਇਕ ਜ਼ਿਲ੍ਹਾ ਫਾਇਰ ਅਫਸਰ (ਏ.ਡੀ.ਐਫ.ਓ.) ਮਨਿੰਦਰ ਸਿੰਘ ਨੇ ਮੰਨਿਆ ਕਿ ਫਾਇਰ ਵਿਭਾਗ ਨੂੰ ਕਈ ਵਾਰ ਅਮਲੇ ਦੀ ਘਾਟ ਅਤੇ ਹੋਰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਵਿਭਾਗ ਦਾ ਵੱਡਾ ਹਿੱਸਾ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਵਿੱਚ ਰੁੱਝਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਵੀ.ਆਈ.ਪੀ. ਡਿਊਟੀਆਂ ਅਤੇ ਹੋਰ ਸਰਕਾਰੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਕਈ ਵਾਰ ਰੁਟੀਨ ਜਾਂਚਾਂ ਅਤੇ ਵਿਸ਼ੇਸ਼ ਮੁਹਿੰਮਾਂ ਪ੍ਰਭਾਵਿਤ ਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਅਤੇ ਲਖਨਊ ਵਰਗੇ ਦਰਦਨਾਕ ਹਾਦਸਿਆਂ ਤੋਂ ਬਾਅਦ ਹੁਣ ਫਾਇਰ ਸੇਫਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ।
ਮਨਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਪੂਰੇ ਮਾਮਲੇ ਨੂੰ ਨਿੱਜੀ ਤੌਰ ‘ਤੇ ਆਪਣੇ ਧਿਆਨ ਵਿੱਚ ਲੈ ਰਹੇ ਹਨ ਤੇ ਜਲੰਧਰ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ, ਹੋਟਲਾਂ, ਗੈਸਟ ਹਾਊਸਾਂ, ਰੈਸਟੋਰੈਂਟਾਂ, ਉਦਯੋਗਿਕ ਇਕਾਈਆਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਇਮਾਰਤਾਂ ਦੀ ਫਾਇਰ ਸੇਫਟੀ ਸਥਿਤੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ ਅਤੇ ਉਹ ਖੁਦ ਵੀ ਮੌਕੇ ‘ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਜਿੱਥੇ ਵੀ ਫਾਇਰ ਅਲਾਰਮ ਸਿਸਟਮ, ਅੱਗ ਬੁਝਾਉਣ ਵਾਲੇ ਯੰਤਰ, ਐਮਰਜੈਂਸੀ ਐਗਜ਼ਿਟ ਜਾਂ ਹੋਰ ਲਾਜ਼ਮੀ ਸੁਰੱਖਿਆ ਉਪਕਰਨਾਂ ਵਿੱਚ ਕੋਈ ਕਮੀ ਪਾਈ ਗਈ, ਉੱਥੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
“ਸਾਡਾ ਮਕਸਦ ਕਿਸੇ ਹਾਦਸੇ ਤੋਂ ਬਾਅਦ ਕਾਰਵਾਈ ਕਰਨਾ ਨਹੀਂ, ਸਗੋਂ ਪਹਿਲਾਂ ਹੀ ਖਾਮੀਆਂ ਲੱਭ ਕੇ ਉਨ੍ਹਾਂ ਨੂੰ ਦੂਰ ਕਰਨਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ,” ਮਨਿੰਦਰ ਸਿੰਘ ਨੇ ਕਿਹਾ।
Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਜਲੰਧਰ ਨੇ ਐਡਵਾਂਸਡ ਐਂਡੋਸਕੋਪੀ ਯੂਨਿਟ ਅਤੇ ਡੇਡੀਕੇਟਿਡ ਲਿਵਰ ਟ੍ਰਾਂਸਪਲਾਂਟ ਕਲੀਨਿਕ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਸ਼ੋਭਾ ਯਾਤਰਾ ਮੌਕੇ ਅੰਡੇ, ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ
Ad Position 24
No active advertisement