06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਧੜੇਬੰਦੀ ਕਾਰਨ ਜਲੰਧਰ ’ਚ ਵੀ ਕਾਂਗਰਸ ਦੀਆਂ ਮੁਸ਼ਕਿਲਾਂ ਵਧੀਆਂ-2027 ਦਾ ਰਾਹ ਹੋਇਆ ਹੋਰ ਔਖਾ ਚੰਨੀ ਤੇ ਵੜਿੰਗ ਦੋ ਖੇਮਿਆਂ ’ਚ ਵੰਡੇ ਆਗੂ-ਵਰਕਰ ਨਿਰਾਸ਼

Ad Position 21
No active advertisement
ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਮੁੜ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪੇ ਜਾਣ ਦੇ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਸਮਰਥਕਾਂ ਨੇ ਪਾਰਟੀ ਹਾਈਕਮਾਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ, ਉਸ ਨਾਲ ਪਾਰਟੀ ਇਕ ਤਰ੍ਹਾਂ ਨਾਲ ਦੋ ਧੜਿਆਂ ’ਚ ਵੰਡੀ ਗਈ ਹੈ। ਇਕ ਧੜਾ ਜਿਥੇ ਅੱਜ ਵੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਖੜ੍ਹਾ ਨਜ਼ਰ ਆਉਂਦਾ ਹੈ ਤਾਂ ਉਥੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬੀਤੇ ਦਿਨੀਂ ਉਨ੍ਹਾਂ ਦੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਇਕੱਤਰ ਹੋਏ ਪਾਰਟੀ ਦੇ ਸੀਨੀਅਰ ਆਗੂਆਂ ਨੇ ਚੰਨੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹਾਈਕਮਾਨ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ’ਚ ਤਬਦੀਲੀ ਤੋਂ ਇਲਾਵਾ ਹੋਰ ਕੁੱਝ ਵੀ ਮਨਜ਼ੂਰ ਨਹੀਂ ਹੈ। ਜਿਸ ਨੇ ਪਾਰਟੀ ਹਾਈਕਮਾਨ ਦੀਆਂ ਚਿੰਤਾਵਾਂ ਨੂੰ ਵੀ ਕਾਫੀ ਹੱਦ ਤੱਕ ਵਧਾ ਦਿੱਤਾ ਹੈ ਤੇ ਜੇਕਰ ਇਸ ਮਸਲੇ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਪਾਰਟੀ ਅੰਦਰ ਸ਼ੁਰੂ ਹੋਈ ਇਹ ਖਿੱਚੋਤਾਣ ਆਉਣ ਵਾਲੇ ਸਮੇਂ ਅੰਦਰ ਪਾਰਟੀ ਲਈ ਹੋਰ ਵੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਪਾਰਟੀ ਅੰਦਰਲੀ ਧੜੇਬੰਦੀ ਦਾ ਅਸਰ ਜਿਥੇ ਸਮੁੱਚੇ ਰੂਪ ’ਚ ਪਾਰਟੀ ’ਤੇ ਪੈਂਦਾ ਦਿਖਾਈ ਦੇ ਰਿਹਾ ਹੈ, ਉਥੇ ਜਲੰਧਰ ’ਚ ਵੀ ਪਾਰਟੀ ਆਗੂ ਦੋ ਖੇਮਿਆਂ ’ਚ ਵੰਡੇ ਗਏ ਹਨ ਤੇ ਸ਼ੁਕਰਵਾਰ ਨੂੰ ਚਰਨਜੀਤ ਸਿੰਘ ਚੰਨੀ ਵਲੋਂ ਸੱਦੀ ਮੀਟਿੰਗ ਤੋਂ ਜਿੱਥੇ ਵਿਧਾਇਕ ਪਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਬਾਵਾ ਹੈਨਰੀ, ਵਿਕਰਮਜੀਤ ਸਿੰਘ ਚੌਧਰੀ ਸਮੇਤ ਹੋਰਨਾਂ ਆਗੂਆਂ ਨੇ ਦੂਰੀ ਬਣਾਈ ਰੱਖੀ, ਉੱਥੇ ਪਾਰਟੀ ਦੇ ਦੋਵੇਂ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਤੋਂ ਇਲਾਵਾ ਕਈ ਹਲਕਾ ਇੰਚਾਰਜਾਂ ਨੇ ਚੰਨੀ ਦੇ ਹੱਕ ’ਚ ਖੜ੍ਹਨ ਦਾ ਫੈਸਲਾ ਲਿਆ ਤੇ ਉਹ ਵਿਸ਼ੇਸ਼ ਤੌਰ ’ਤੇ ਉਕਤ ਮੀਟਿੰਗ ’ਚ ਸ਼ਾਮਿਲ ਹੋਏ। ਮੀਟਿੰਗ ’ਚ ਸ਼ਾਮਿਲ ਹੋਣ ਵਾਲੇ ਆਗੂਆਂ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਦਿਹਾਤੀ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਵਿਧਾਇਕ), ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਕਰਤਾਰਪੁਰ ਹਲਕੇ ਦੇ ਇੰਚਾਰਜ ਰਜਿੰਦਰ ਸਿੰਘ ਸੇਵਾ ਮੁਕਤ ਐਸ. ਐਸ. ਪੀ., ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਆਦਿ ਪ੍ਰਮੁੱਖ ਹਨ। ਦੱਸਣਯੋਗ ਹੈ ਕਿ ਲੰਘੀਆਂ 2022 ਦੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ’ਚ ਜਦੋਂ ਸੂਬੇ ਅੰਦਰ ‘ਆਪ’ ਦੀ ਹਨ੍ਹੇਰੀ ਚੱਲ ਰਹੀ ਸੀ ਤਾਂ ਉਸ ਸਮੇਂ ਵੀ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 5 ’ਤੇ ਕਾਂਗਰਸ ਦੇ ਉਮੀਦਵਾਰ ਜਿੱਤ ਹਾਸਿਲ ਕਰਨ ’ਚ ਸਫਲ ਰਹੇ ਸਨ ਤੇ ਬਹੁਗਿਣਤੀ ਐਸ. ਸੀ. ਵੋਟ ਬੈਂਕ ਵਾਲੇ ਜ਼ਿਲ੍ਹੇ ਅੰਦਰ ਇਨ੍ਹਾਂ ਦੀ ਜਿੱਤ ਦੇ ਪਿੱਛੇ ਚਰਨਜੀਤ ਸਿੰਘ ਚੰਨੀ ਦੇ ਐਸ. ਸੀ. ਭਾਈਚਾਰੇ ਅੰਦਰ ਪ੍ਰਭਾਵ ਨੂੰ ਵੀ ਦੱਸਿਆ ਗਿਆ ਸੀ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਨਜ਼ਰ ਅੰਦਾਜ਼ ਕਰਕੇ ਰਾਜਾ ਵੜਿੰਗ ਨੂੰ ਸੂਬੇ ਦੀ ਕਮਾਨ ਸੌਂਪੀ ਗਈ ਹੈ ਤਾਂ ਜਲੰਧਰ ਦੇ ਕਈ ਕਾਂਗਰਸੀ ਆਗੂਆਂ ਨੂੰ ਹੁਣ ਤੋਂ ਹੀ ਆਪਣੀ ਜਿੱਤ ਦੀ ਚਿੰਤਾ ਸਤਾਉਣ ਲੱਗੀ ਹੈ ਤੇ ਇਹੀ ਵਜ੍ਹਾ ਹੈ ਕਿ ਚੰਨੀ ਦੇ ਇਕ ਸੱਦੇ ’ਤੇ ਹੀ ਸ਼ਹਿਰ ਦੇ ਕਈ ਆਗੂ ਮੋਰਿੰਡੇ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਪੁੱਜੇ ਪਰ ਹੁਣ ਸੂਬੇ ਦੀ ਕਮਾਨ ਰਾਜਾ ਵੜਿੰਗ ਦੇ ਹੱਥ ਹੋਣ ਕਾਰਨ ਕਈ ਆਗੂਆਂ ਅੰਦਰ ਅਜੇ ਵੀ ਦੁਬਿਧਾ ਬਣੀ ਹੋਈ ਹੈ ਕਿ ਉਹ ਕਿੱਧਰ ਜਾਣ ਤੇ ਜੇਕਰ ਇਸ ਸਮੇਂ ਉਹ ਚੰਨੀ ਨਾਲ ਜਾਂਦੇ ਹਨ ਤਾਂ ਰਾਜਾ ਵੜਿੰਗ ਧੜਾ ਨਾਰਾਜ਼ ਹੁੰਦਾ ਹੈ ਤੇ ਜੇਕਰ ਉਹ ਵੜਿੰਗ ਨਾਲ ਖੜ੍ਹਦੇ ਹਨ ਤਾਂ ਜੇਕਰ ਹਾਈਕਮਾਨ ਆਪਣਾ ਫੈਸਲਾ ਬਦਲ ਦਿੰਦਾ ਹੈ ਤਾਂ ਫਿਰ ਉਹ ਚੰਨੀ ਕੋਲ ਕਿਹੜਾ ਮੂੰਹ ਲੈ ਕੇ ਜਾਣਗੇ। ਅਜਿਹੇ ’ਚ ਕਈ ਆਗੂਆਂ ਲਈ ਅੱਗੇ ਖੂਹ-ਪਿੱਛੇ ਖਾਈ ਵਾਲੀ ਗੱਲ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕਪੁਰਾ ਫਾਟਕ ’ਤੇ ਅੰਡਰ ਪਾਸ ਬਣਾਉਣ ਲਈ ਕਾਲੀਆ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਲੁਟੇਰਿਆਂ ਵਲੋਂ ਪ੍ਰਵਾਸੀ ਮਜ਼ਦੂਰ ਨੂੰ ਬੰਦੀ ਬਣਾ ਕੇ ਰਿਵਾਲਵਰਾਂ ਦੀ ਨੋਕ ਤੇ 6 ਪਸ਼ੂ ਚੋਰੀ
Ad Position 24
No active advertisement