ਜਮਸ਼ੇਰ ਖਾਸ, 17 ਜੁਲਾਈ (ਹਰਵਿੰਦਰ ਕੁਮਾਰ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਾਉਣੀ ਆਮਦ ’ਤੇ ਵਾਹਨਾਂ ਦੀ ਆਵਾਜਾਈ ਲਈ ਬਦਲੇ ਗਏ ਰਸਤਿਆਂ ਕਾਰਨ ਜੰਡਿਆਲਾ ਮੰਜਕੀ ਅਤੇ ਜਮਸ਼ੇਰ ਖਾਸ ਇਲਾਕਿਆਂ ਵਿੱਚ ਟਰੈਫਿਕ ਜਾਮ ਲੱਗੇ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਆਏ ਹੋਏ ਸਨ। ਉਨ੍ਹਾਂ ਦੀ ਜਲੰਧਰ ਫੇਰੀ ਦੌਰਾਨ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਹੋਏ ਵਾਹਨਾਂ ਦਾ ਟਰੈਫਿਕ ਜ਼ੋਨ ਬਣਾਇਆ ਹੋਇਆ ਸੀ। ਇਲਾਕੇ ਵਿੱਚ ਵਿੱਚ ਕੋਈ ਵੀ ਟ੍ਰੈਫਿਕ ਪੁਲਿਸ ਦਾ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ ਵਾਹਨਾਂ ਦੇ ਲੱਗੇ ਵੱਡੇ ਜਾਮ ਕਾਰਨ ਆਮ ਲੋਕਾਂ, ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੇਂਡੂ ਖੇਤਰ ਦੀਆਂ ਟੁੱਟੀਆਂ ਹੋਈਆਂ ਛੋਟੀਆਂ ਸੰਪਰਕ ਸੜਕਾਂ ’ਤੇ ਵੀ ਭਾਰੀ ਭਰਕਮ ਟਰੈਫਿਕ ਗੁਜ਼ਰਿਆ। ਪੁਲਿਸ ਵਿਭਾਗ ਦਾ ਕੋਈ ਵੀ ਮੁਲਾਜ਼ਮ ਜਮਸ਼ੇਰ ਅੱਡੇ ਵਿੱਚ ਅਤੇ ਜਮਸ਼ੇਰ ਤੋਂ ਨਕੋਦਰ ਰੋਡ ਤੇ ਬਣੇ ਟੀ- ਪੁਆਇੰਟ ’ਤੇ ਹਾਜ਼ਰ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਮਸ਼ੇਰ ਖਾਸ ਤੋਂ ਬਣੇ ਡੈਅਰੀ ਕੰਪਲੈਕਸ ਰੋਡ ਰੇਲਵੇ ਫਾਟਕ ਤੋਂ ਡੇਅਰੀ ਕੰਪਲੈਕਸ ਤੱਕ ਕਾਫੀ ਵੱਡਾ ਜਾਮ ਲੱਗਾ ਹੋਇਆ ਸੀ। ਇਸੇ ਤਰ੍ਹਾਂ ਹੀ ਜਮਸ਼ੇਰ ਤੋਂ ਜੰਡਿਆਲਾ ਰੋਡ ਤੇ ਜਮਸ਼ੇਰ ਤੋਂ ਨਕੋਦਰ ਪ੍ਰਤਾਪਪੁਰਾ ਸੜਕ ’ਤੇ ਵੀ ਕਾਫੀ ਜਾਮ ਦੇਖਣ ਨੂੰ ਮਿਲਿਆ।