02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹੈਰੀਟੇਜ ਸੁਸਾਇਟੀ ਜਲੰਧਰ ਨੇ ਪ੍ਰਧਾਨ ਮੰਤਰੀ ਕੋਲੋਂ ਮਹਾਂਨਗਰ ਦੇ ਦਾਖ਼ਲੇ ’ਤੇ ਵਿਰਾਸਤੀ ਗੇਟ ਬਣਾਉਣ ਦੀ ਕੀਤੀ ਮੰਗ ਕਿਹਾ, 7000 ਸਾਲ ਪੁਰਾਣੀ ਅਣਮੁੁੱਲੀ ਵਿਰਾਸਤ ਹੈ ਇਤਿਹਾਸਕ ਜਲੰਧਰ ਸ਼ਹਿਰ ਦੀ

Ad Position 21
No active advertisement
ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਜਤਿੰਦਰ ਪੰਮੀ) –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਮੌਕੇ ਹੈਰੀਟੇਜ ਸੋਸਾਇਟੀ ਆਫ਼ ਜਲੰਧਰ ਨੇ ਸ਼ਹਿਰ ਦੀ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨੂੰ ਸਮਰਪਿਤ ਹੈਰੀਟੇਜ ਗੇਟ ਬਣਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਨਵਨੀਤ ਕੁਮਾਰ ਤੇ ਚੇਅਰਮੈਨ ਸੁਨੀਲ ਸ਼ਰਮਾ ਨੇ ਕਿਹਾ ਕਿ ਇਹ ਹੈਰੀਟੇਜ ਗੇਟ ਜਲੰਧਰ-ਲੁਧਿਆਣਾ ਮੁੱਖ ਪ੍ਰਵੇਸ਼ ਮਾਰਗ ’ਤੇ ਕਿਸੇ ਉਚਿਤ ਸਥਾਨ ’ਤੇ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਇਸ ਸ਼ਾਨਦਾਰ ਪਛਾਣ, ਅਮੀਰ ਸੱਭਿਆਚਾਰ ਅਤੇ ਇਤਿਹਾਸਕ ਵਿਰਾਸਤ ਦੀ ਝਲਕ ਮਿਲ ਸਕੇ। ਉਨ੍ਹਾਂ ਕਿਹਾ ਕਿ ਜਲੰਧਰ ਦੇਸ਼ ਦੇ ਸਭ ਤੋਂ ਪ੍ਰਾਚੀਨ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਪਛਾਣ ਧਾਰਮਿਕ ਸਥਾਨਾਂ, ਪੁਰਾਣੀਆਂ ਬਸਤੀਆਂ, ਇਤਿਹਾਸਕ ਦਰਵਾਜ਼ਿਆਂ, ਲੋਕ ਸੱਭਿਆਚਾਰ, ਖੇਡ ਉਦਯੋਗ, ਹੈਂਡ ਟੂਲ ਉਦਯੋਗ ਅਤੇ ਉਦਯੋਗਿਕ ਪ੍ਰਾਪਤੀਆਂ ਕਾਰਨ ਦੇਸ਼-ਵਿਦੇਸ਼ ਵਿੱਚ ਬਣੀ ਹੋਈ ਹੈ। ਇਸ ਤੋਂ ਇਲਾਵਾ 15 ਅਗਸਤ 1947 ਨੂੰ ਭਾਰਤ ਵੰਡ ਤੋਂ ਬਾਅਦ ਜਲੰਧਰ ਪੰਜਾਬ ਦੀ ਰਾਜਧਾਨੀ ਵੀ ਰਿਹਾ ਹੈ ਅਤੇ ਉਸ ਨਾਲ ਜੁੜੀਆਂ ਕਈ ਇਤਿਹਾਸਕ ਇਮਾਰਤਾਂ ਅੱਜ ਵੀ ਮਹਾਨਗਰ ਦੀ ਸ਼ਾਨਾਮੱਤੀ ਵਿਰਾਸਤ ਸਾਂਭੀ ਬੈਠੀਆਂ ਹਨ। ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਹੈਰੀਟੇਜ ਗੇਟ ਸਿਰਫ਼ ਪ੍ਰਵੇਸ਼ ਦੁਆਰ ਹੀ ਨਹੀਂ ਹੋਵੇਗਾ, ਸਗੋਂ ਇਹ ਜਲੰਧਰ ਦੀ ਪਛਾਣ ਅਤੇ ਮਾਣ ਦਾ ਸਥਾਈ ਪ੍ਰਤੀਕ ਬਣੇਗਾ। ਇਸ ਦੇ ਨਿਰਮਾਣ ਨਾਲ ਸ਼ਹਿਰ ਦੇ ਸੁੰਦਰਤਾ ਵਿਕਾਸ ਨੂੰ ਉਤਸ਼ਾਹ ਮਿਲੇਗਾ, ਸੈਰ-ਸਪਾਟੇ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜਨ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਲਈ ਉਚਿਤ ਸਥਾਨ ਦੀ ਚੋਣ ਕਰਕੇ ਵਿਸ਼ੇਸ਼ ਬਜਟ ਮੁਹੱਈਆ ਕਰਵਾਇਆ ਜਾਵੇ ਅਤੇ ਮਾਹਿਰ ਵਾਸਤੂਕਾਰਾਂ ਤੇ ਇਤਿਹਾਸਕਾਰਾਂ ਦੀ ਸਹਾਇਤਾ ਨਾਲ ਇਸ ਦੀ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੈਰੀਟੇਜ ਸੁਸਾਇਟੀ ਵਲੋਂ ਗੇਟ ਦਾ ਨਮੂਨਾ ਵੀ ਤਿਆਰ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਸੰਬੰਧੀ ਪਹਿਲਾਂ ਵੀ ਕੇਂਦਰੀ ਮੰਤਰੀਆਂ, ਮੁੱਖ ਮੰਤਰੀ ਪੰਜਾਬ ਅਤੇ ਸੂਬੇ ਦੇ ਕੈਬਨਿਟ ਮੰਤਰੀਆਂ, ਕੌਮੀ ਪੱਧਰ ਦੇ ਸਿਆਸੀ ਆਗੂਆਂ ਨੂੰ ਮਿਲ ਕੇ ਵਿਰਾਸਤੀ ਗੇਟ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਖੁਦ ਜਲੰਧਰ ਸ਼ਹਿਰ ’ਚ ਕਿਸੇ ਵੇਲੇ ਰਹਿ ਚੁੱਕੇ ਹਨ, ਇਸ ਦੀ ਮਹਾਨਤਾ ਬਾਰੇ ਜਾਣਦੇ ਹਨ, ਇਸ ਲਈ ਵਿਰਾਸਤੀ ਗੇਟ ਉਸਾਰਨ ਲਈ ਉਨ੍ਹਾਂ ਦੀ ਮੰਗ ਜ਼ਰੂਰ ਮੰਨਣਗੇ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਵਰਕਰਾਂ ’ਚ ਨਵਾਂ ਜੋਸ਼ ਭਰ ਗਈ ਪ੍ਰਧਾਨ ਮੰਤਰੀ ਦੀ ਫੇਰੀ ਅਗਲੀ ਖ਼ਬਰ ਈ. ਪੀ. ਐਫ. ਓ. ਵਲੋਂ ਹਰਜਾਨੇ ਨਾਲ ਸੰਬੰਧਿਤ ਕੇਸਾਂ ਦੇ ਨਿਪਟਾਰੇ ਲਈ ‘ਵਿਸ਼ਵਾਸ-2026’ ਯੋਜਨਾ ਸ਼ੁਰੂ
Ad Position 24
No active advertisement