02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਯੂਨੀਅਨਾਂ ਦੇ ਵਿਰੋਧ ਕਾਰਨ ਲਟਕ ਸਕਦਾ ਹੈ 607 ਕਰੋੜ ਦਾ ਕੂੜਾ ਪ੍ਰਬੰਧਨ ਪ੍ਰਾਜੈਕਟ ਸਰਕਾਰ ਦੀ ਹਦਾਇਤ ’ਤੇ ਨਗਰ ਨਿਗਮ ਨੇ ਬਣਾਇਆ ਸੀ ਨਵਾਂ ਪ੍ਰਾਜੈਕਟ

Ad Position 21
No active advertisement
ਅਜੀਤ ਡੈਸਕ 20-07-2026
ਸ਼ਿਵ ਸ਼ਰਮਾ
ਜਲੰਧਰ, 19 ਜੁਲਾਈ -ਸ਼ਹਿਰ ਵਿਚ ਰੋਜ਼ਾਨਾ ਪੈਦਾ ਹੁੰਦੇ 600 ਮੀਟਰਿਕ ਟਨ ਤੋਂ ਜ਼ਿਆਦਾ ਕੂੜੇ ਨੂੰ ਵਿਗਿਆਨਕ ਤਰੀਕੇ ਨਾਲ ਖ਼ਤਮ ਕਰਨ ਲਈ ਨਗਰ ਨਿਗਮ ਵਲੋਂ ਪੰਜਾਬ ਸਰਕਾਰ ਦੀ ਹਦਾਇਤ ’ਤੇ 607 ਕਰੋੜ ਦਾ ਜਿਹੜਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ। ਉਸ ਦੇ ਲਟਕਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਨਗਰ ਨਿਗਮ ਯੂਨੀਅਨਾਂ ਵਲੋਂ ਇਸ ਪ੍ਰਾਜੈਕਟ ਦਾ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ ਹੈ ਕਿ ਜੇਕਰ ਇਸ ਤੋਂ ਪਹਿਲਾਂ ਬਣਾਏ ਗਏ 143 ਕਰੋੜ ਅਤੇ 607 ਕਰੋੜ ਦੇ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ ਤਾਂ ਨਗਰ ਨਿਗਮ ਯੂਨੀਅਨਾਂ ਹੜਤਾਲ ’ਤੇ ਚਲੀਆਂ ਜਾਣਗੀਆਂ। ਨਗਰ ਨਿਗਮ ਯੂਨੀਅਨਾਂ ਦੇ ਵਿਰੋਧ ਤੋਂ ਬਾਅਦ ਹੁਣ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਸੰਭਾਵਨਾ ਅਜੇ ਨਹੀਂ ਲੱਗ ਰਹੀ ਹੈ ਜਦਕਿ ਨਿਗਮ ਵਲੋਂ ਇਸ ਦੀ ਟੈਂਡਰ ਪ੍ਰਕਿਰਿਆ ਪੂਰੀ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਨਗਰ ਨਿਗਮ ਵਲੋਂ ਜਿਹੜਾ ਨਵਾਂ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਉਸ ਦੇ ਤਹਿਤ ਕੰਪਨੀ ਵਲੋਂ ਘਰੋਂ-ਘਰੀਂ ਕੂੜਾ ਚੁੱਕਣ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਤੱਕ ਦਾ ਸਾਰਾ ਕੰਮ ਕੰਪਨੀ ਵਲੋਂ ਕੀਤਾ ਜਾਵੇਗਾ। ਇਸ ਕੰਮ ਲਈ ਪ੍ਰਾਜੈਕਟ ਅਨੁਸਾਰ ਹਰ ਰੋਜ਼ 631 ਮੀਟਰਿਕ ਟਨ ਕੂੜਾ ਘਰਾਂ ਤੋਂ ਇਕੱਠਾ ਕੀਤਾ ਜਾਵੇਗਾ। ਇਸ ਲਈ ਕਰੀਬ 450 ਛੋਟੇ ਵਾਹਨ ਡੋਰ-ਟੂ-ਡੋਰ ਕਲੈਕਸ਼ਨ ਲਈ ਲਗਾਏ ਜਾਣਗੇ। ਹਰ 700 ਘਰਾਂ ਲਈ ਇੱਕ ਵਾਹਨ ਨਿਯੁਕਤ ਕੀਤਾ ਜਾਵੇਗਾ, ਜਿਸ ਵਿਚ ਇੱਕ ਡਰਾਈਵਰ ਅਤੇ ਦੋ ਸਹਾਇਕ ਕਰਮਚਾਰੀ ਹੋਣਗੇ। ਇਸ ਪ੍ਰਾਜੈਕਟ ਤਹਿਤ ਕੰਪਨੀ ਨੂੰ 1,800 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਤਨਖ਼ਾਹ ਦੇਣੀ ਹੋਵੇਗੀ। ਕੰਪਨੀ ਦੇ ਸਾਰੇ ਵਾਹਨਾਂ ਵਿਚ ਜੀ. ਪੀ. ਐਸ. ਸਿਸਟਮ ਲਗਾਇਆ ਜਾਵੇਗਾ ਅਤੇ ਉਨ੍ਹਾਂ ਦੀ ਨਿਗਰਾਨੀ ਲਈ ਇੱਕ ਮੋਬਾਈਲ ਐਪ ਵੀ ਤਿਆਰ ਕੀਤੀ ਜਾਵੇਗੀ। ਅਧਿਕਾਰੀ ਤੈਅ ਸਮੇਂ ਵਿਚ ਹਰ ਵਾਹਨ ਦੀ ਲੋਕੇਸ਼ਨ, ਰੂਟ ਅਤੇ ਸਮੇਂ ’ਤੇ ਨਜ਼ਰ ਰੱਖ ਸਕਣਗੇ। ਜੇਕਰ ਕੋਈ ਵਾਹਨ ਨਿਰਧਾਰਿਤ ਰੂਟ ਤੋਂ ਹਟਦਾ ਹੈ ਤਾਂ ਤੁਰੰਤ ਅਲਰਟ ਮਿਲੇਗਾ। ਸ਼ਹਿਰ ਦੇ 85 ਵਾਰਡਾਂ ਵਿਚ ਸੁਪਰਵਾਈਜ਼ਰ ਤਾਇਨਾਤ ਕੀਤੇ ਜਾਣਗੇ ਜੋ ਰੋਜ਼ਾਨਾ ਸਫ਼ਾਈ ਪ੍ਰਬੰਧ ਦੀ ਨਿਗਰਾਨੀ ਕਰਕੇ ਰਿਪੋਰਟ ਦੇਣਗੇ। ਐਮ. ਆਰ. ਐਫ. ਸੈਂਟਰਾਂ ਤੋਂ ਵਰਿਆਾਣਾ ਡੰਪ ਸਾਈਟ ਤੱਕ ਕੂੜਾ ਲਿਜਾਉਣ ਲਈ ਕਰੀਬ 47 ਕੰਪੈਕਟਰ ਵਰਤੇ ਜਾਣਗੇ, ਜਿਨ੍ਹਾਂ ਵਿਚ ਕੂੜੇ ਨੂੰ ਦਬਾ ਕੇ ਵੱਧ ਮਾਤਰਾ ਵਿਚ ਇੱਕੋ ਵਾਰ ਢੋਇਆ ਜਾ ਸਕੇਗਾ। ਇਸ ਨਾਲ ਸਮਾਂ ਅਤੇ ਟਰਾਂਸਪੋਰਟ ਖ਼ਰਚ ਦੋਵੇਂ ਘਟਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਅਤੇ ਕੂੜਾ ਚੁੱਕਣ ਦੇ ਕੰਮ ਲਈ 50 ਈ-ਰਿਕਸ਼ੇ ਵੀ ਚਲਾਏ ਜਾਣਗੇ, ਜੋ ਸਵੇਰੇ ਅਤੇ ਸ਼ਾਮ ਦੋ ਸ਼ਿਫ਼ਟਾਂ ਵਿਚ ਕੰਮ ਕਰਨਗੇ। ਇਨ੍ਹਾਂ ਦੀ ਮਦਦ ਨਾਲ ਤੰਗ ਗਲੀਆਂ ਵਿਚੋਂ ਵੀ ਆਸਾਨੀ ਨਾਲ ਕੂੜਾ ਇਕੱਠਾ ਕੀਤਾ ਜਾ ਸਕੇਗਾ। ਠੇਕਾ ਲੈਣ ਵਾਲੀ ਕੰਪਨੀ ਵਰਿਆਣਾ ਡੰਪ ਸਾਈਟ ’ਤੇ 9 ਏਕੜ ਜ਼ਮੀਨ ’ਤੇ ਆਧੁਨਿਕ ਖਾਦ ਪਲਾਂਟ ਸਥਾਪਤ ਕਰੇਗੀ। ਇਸ ਲਈ ਨਗਰ ਨਿਗਮ ਵੱਲੋਂ ਨਵੀਂ ਜ਼ਮੀਨ ਖ਼ਰੀਦੀ ਗਈ ਹੈ। ਪਲਾਂਟ ਵਿਚ ਗਿੱਲੇ ਕੂੜੇ ਨੂੰ ਵਿਗਿਆਨਕ ਤਰੀਕੇ ਨਾਲ ਪ੍ਰੋਸੈੱਸ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਿਸ ਦੀ ਵਿੱਕਰੀ ਤੋਂ ਨਗਰ ਨਿਗਮ ਨੂੰ ਆਮਦਨ ਵੀ ਹੋਵੇਗੀ। ਨਾਲ ਹੀ ਵਰਿਆਣਾ ਡੰਪ ਸਾਈਟ ’ਤੇ ਸਾਲਾਂ ਤੋਂ ਇਕੱਠੇ ਹੋ ਰਹੇ ਕੂੜੇ ਦੇ ਪਹਾੜ ਦੀ ਸਮੱਸਿਆ ਨੂੰ ਵੀ ਹੌਲੀ-ਹੌਲੀ ਖ਼ਤਮ ਕਰਨ ਵਿਚ ਮਦਦ ਮਿਲੇਗੀ। ਨਗਰ ਨਿਗਮ ਵਲੋਂ ਐਨਾ ਵੱਡਾ ਪ੍ਰਾਜੈਕਟ ਤਾਂ ਲਿਆਂਦਾ ਗਿਆ ਹੈ ਪਰ ਜੇਕਰ ਇਹ ਸਿਰੇ ਚੜ੍ਹਦਾ ਹੈ ਤਾਂ ਹੀ ਇਸ ਦਾ ਫ਼ਾਇਦਾ ਸ਼ਹਿਰ ਨੂੰ ਮਿਲੇਗਾ ਜਦਕਿ ਹੁਣ ਕੁੱਝ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਇਸ ਪ੍ਰਾਜੈਕਟ ਦੀ ਕਾਰਵਾਈ ਅੱਗੇ ਜਾਣ ਦੀ ਸੰਭਾਵਨਾ ਅਜੇ ਨਹੀਂ ਲੱਗ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੱਛਮੀ ਹਲਕੇ ’ਚ ਵਿਸ਼ੇਸ਼ ਨਾਕਾਬੰਦੀ ਕਰਕੇ ਚਲਾਈ ਜਾਂਚ ਮੁਹਿੰਮ, ਸ਼ੱਕੀ ਵਿਅਕਤੀਆਂ ਦੀ ਕੀਤੀ ਜਾਂਚ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਇਨਫ਼ਰਾ ਕੰਪਨੀ ਦੇ ਚਾਰ ਸੂਬਿਆਂ ਵਿਚਲੇ ਟਿਕਾਣਿਆਂ ’ਤੇ ਛਾਪੇ
Ad Position 24
No active advertisement