ਬਿਲਗਾ ’ਚ ਨਾਜਾਇਜ਼ ਕਬਜ਼ਿਆਂ ਤੋਂ ਲੋਕ ਬੇਹਾਲ, ਟ੍ਰੈਫਿਕ ਸਮੱਸਿਆ ਨੇ ਧਾਰਿਆ ਵਿਕਰਾਲ ਰੂਪ
ਬਿਲਗਾ, 1 ਸਤੰਬਰ (ਤਜਿੰਦਰ ਕੁਮਾਰ)- ਇਲਾਕਾ ਬਿਲਗਾ ਵਿਖੇ ਸਰਕਾਰੀ ਜ਼ਮੀਨਾਂ, ਆਮ ਰਸਤਿਆਂ ਅਤੇ ਮੁੱਖ ਬਾਜ਼ਾਰਾਂ ’ਚ ਦਿਨ-ਬ-ਦਿਨ ਵਧ ਰਹੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਸਥਾਨਕ ਦੁਕਾਨਦਾਰਾਂ ਅਤੇ ਕੁੱਝ ਹੋਰ ਅਨਸਰਾਂ ਵਲੋਂ ਆਪਣੀਆਂ ਸੀਮਾਵਾਂ ਤੋਂ ਬਾਹਰ ਆ ਕੇ ਕੀਤੇ ਗਏ ਅਸਥਾਈ ਤੇ ਸਥਾਈ ਕਬਜ਼ਿਆਂ ਕਾਰਨ ਬਾਜ਼ਾਰਾਂ ਦੀਆਂ ਚੌੜੀਆਂ ਸੜਕਾਂ ਸੁੰਗੜ ਕੇ ਰਹਿ ਗਈਆਂ ਹਨ।
(
(1) ਬਿਲਗਾ ਦੇ ਮੁੱਖ ਬਾਜ਼ਾਰ ’ਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ।(2) ਬਿਲਗਾ ਤੋਂ ਨੂਰਮਹਿਲ ਰੋਡ ’ਤੇ ਟਰਾਲੀਆਂ ਅਤੇ ਗੱਡੀਆਂ ਖੜ੍ਹੀਆਂ ਕਰਨ ਨਾਲ ਵੱਡਾ ਹਾਦਸਾ ਹੋਣ ਦਾ ਖ਼ਤਰਾ। (3) ਰੇਹੜੀਆਂ ਵਾਲਿਆਂ ਵੱਲੋਂ ਕੀਤਾ ਰੋਡ ’ਤੇ ਕਬਜ਼ਾ। ਤਸਵੀਰਾਂ : ਤਜਿੰਦਰ ਕੁਮਾਰ
02-09-2026
ਬਿਲਗਾ, 1 ਸਤੰਬਰ (ਤਜਿੰਦਰ ਕੁਮਾਰ)- ਇਲਾਕਾ ਬਿਲਗਾ ਵਿਖੇ ਸਰਕਾਰੀ ਜ਼ਮੀਨਾਂ, ਆਮ ਰਸਤਿਆਂ ਅਤੇ ਮੁੱਖ ਬਾਜ਼ਾਰਾਂ ’ਚ ਦਿਨ-ਬ-ਦਿਨ ਵਧ ਰਹੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਸਥਾਨਕ ਦੁਕਾਨਦਾਰਾਂ ਅਤੇ ਕੁੱਝ ਹੋਰ ਅਨਸਰਾਂ ਵਲੋਂ ਆਪਣੀਆਂ ਸੀਮਾਵਾਂ ਤੋਂ ਬਾਹਰ ਆ ਕੇ ਕੀਤੇ ਗਏ ਅਸਥਾਈ ਤੇ ਸਥਾਈ ਕਬਜ਼ਿਆਂ ਕਾਰਨ ਬਾਜ਼ਾਰਾਂ ਦੀਆਂ ਚੌੜੀਆਂ ਸੜਕਾਂ ਸੁੰਗੜ ਕੇ ਰਹਿ ਗਈਆਂ ਹਨ। ਇਸ ਕਾਰਨ ਇਲਾਕੇ ਵਿੱਚ ਦਿਨ-ਰਾਤ ਜਾਮ ਵਰਗੀ ਗੰਭੀਰ ਸਥਿਤੀ ਬਣੀ ਰਹਿੰਦੀ ਹੈ, ਜਿਸ ਨਾਲ ਆਮ ਜਨਜੀਵਨ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਮੁੱਖ ਬਾਜ਼ਾਰ, ਅੱਡਾ ਚੌਂਕ ਅਤੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਦੁਕਾਨਦਾਰਾਂ ਵੱਲੋਂ ਸਮਾਨ ਬਾਹਰ ਰੱਖਣ ਅਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਅੰਧੇਰਗਰਦੀ ਮਚਾਉਣ ਕਾਰਨ ਪੈਦਲ ਲੰਘਣਾ ਵੀ ਦੁਸ਼ਵਾਰ ਹੋ ਗਿਆ ਹੈ। ਇਸ ਤੋਂ ਇਲਾਵਾ ਨਾਜਾਇਜ਼ ਵਾਹਨ ਪਾਰਕਿੰਗ ਕਾਰਨ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਰੋਜ਼ਾਨਾ ਆਪਣੀ ਜਾਨ ਜੋਖਮ ‘ਚ ਪਾ ਕੇ ਇਸ ਟ੍ਰੈਫਿਕ ਦੇ ਝੰਜਟ ‘ਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਹਰ ਵੇਲੇ ਕਿਸੇ ਅਣਹੋਣੀ ਘਟਨਾ ਜਾਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਬਾਜ਼ਾਰਾਂ ‘ਚ ਲੱਗਦੇ ਲੰਮੇ ਜਾਮ ਕਾਰਨ ਐਮਰਜੈਂਸੀ ਦੀ ਹਾਲਤ ਵਿੱਚ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਗੱਡੀਆਂ ਦਾ ਇੱਥੋਂ ਲੰਘਣਾ ਲਗਭਗ ਅਸੰਭਵ ਹੋ ਜਾਂਦਾ ਹੈ। ਕਈ ਵਾਰ ਗੰਭੀਰ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਘੰਟਿਆਂ ਬੱਧੀ ਇਸ ਜਾਮ ‘ਚ ਫਸੀਆਂ ਰਹਿੰਦੀਆਂ ਹਨ, ਜਿਸ ਨਾਲ ਕਿਸੇ ਦੀ ਕੀਮਤੀ ਜਾਨ ਵੀ ਜੋਖਮ ਵਿੱਚ ਪੈ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਵਿਸ਼ੇਸ਼ ਮੁਹਿੰਮ ਚਲਾ ਕੇ ਇਹ ਨਾਜਾਇਜ਼ ਕਬਜ਼ੇ ਹਟਾਵੇ। ਇਸ ਗੰਭੀਰ ਸਮੱਸਿਆ ਸਬੰਧੀ ਜਦੋਂ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀ ਸੁਚਾਰੂ ਟ੍ਰੈਫਿਕ ਵਿਵਸਥਾ ਅਤੇ ਸੁੰਦਰਤਾ ਨੂੰ ਬਣਾਏ ਰੱਖਣਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਦਾ ਜਲਦ ਹੀ ਪੱਕਾ ਅਤੇ ਸਥਾਈ ਹੱਲ ਕੀਤਾ ਜਾਵੇਗਾ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੀ ਹੱਦ ਅੰਦਰ ਹੀ ਰੱਖਣ। ਦੂਜੇ ਪਾਸੇ ਜਦੋਂ ਇਸ ਸਬੰਧੀ ਥਾਣਾ ਮੁਖੀ ਬਿਲਗਾ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣਾ ਪੁਲਿਸ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਬਹੁਤ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸੜਕਾਂ ‘ਤੇ ਗਲਤ ਤਰੀਕੇ ਨਾਲ ਵਾਹਨ ਪਾਰਕ ਕਰਨ ਵਾਲਿਆਂ ਅਤੇ ਰਸਤਾ ਰੋਕਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਆਵਾਜਾਈ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।