ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ) - ਕੌਂਸਲ ਆਫ਼ ਸੁਪਰ ਸਪੈਸ਼ਲਿਸਟਸ ਦੀ ਜ਼ਿਲ੍ਹਾ ਸ਼ਾਖਾ ਨੇ ਆਧੁਨਿਕ ਇਲਾਜ ਸੰਬੰਧੀ ਸੈਮੀਨਾਰ ਕਰਵਾਇਆ। ਕੌਂਸਲ ਦੇ ਪ੍ਰਧਾਨ ਡਾ. ਦੇਵੇਂਦਰ ਪੰਵਾਰ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸੈਮੀਨਾਰ ਦੌਰਾਨ ਸ਼ਹਿਰ ਦੇ ਬਹੁਤ ਸਾਰੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਭਾਗ ਲਿਆ। ਸੈਮੀਨਾਰ ਦੇ ਮੁੱਖ ਬੁਲਾਰੇ ਫੋਰਟਿਸ ਹਸਪਤਾਲ ਦੇ ਐਸੋਸੀਏਟ ਕੰਸਲਟੈਂਟ ਡਾ. ਪਰਿਤੋਸ਼ ਗਰਗ ਨੇ ਦੋ ਮਹੱਤਵਪੂਰਨ ਵਿਸ਼ਿਆਂ “2026 ’ਚ ਮਲਟੀਪਲ ਮਾਈਲੋਮਾ” ਅਤੇ “ਮਾਈਲੋਡਿਸਪਲਾਸਟਿਕ ਸਿੰਡਰੋਮ,” ਜਾਂ ਐੱਮ.ਡੀ.ਐੱਸ. ਵਿਸ਼ੇ ’ਤੇ ਚਰਚਾ ਕੀਤੀ। ਡਾ. ਗਰਗ ਨੇ ਦੱਸਿਆ ਕਿ ਮਲਟੀਪਲ ਮਾਈਲੋਮਾ ਬੋਨਮੈਰੋ ਦੇ ਪਲਾਜ਼ਮਾ ਸੈੱਲਾਂ ਦਾ ਕੈਂਸਰ ਹੈ, ਜੋ ਪਹਿਲਾਂ ਲਾਇਲਾਜ ਮੰਨਿਆ ਜਾਂਦਾ ਸੀ, ਪਰ ਹੁਣ ਵੱਖ-ਵੱਖ ਥੈਰੇਪੀਆਂ ਅਤੇ ਨਵੀਆਂ ਤਕਨੀਕਾਂ, ਜਿਵੇਂ ਕਿ ਬਾਈਸਪੈਸੀਫਿਕ ਐਂਟੀਬਾਡੀਜ਼ ਨੇ ਮਰੀਜ਼ਾਂ ਦੀ ਉਮਰ 8 ਤੋਂ 10 ਸਾਲ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਸਭ ਤੋਂ ਛੋਟੇ ਕੈਂਸਰ ਸੈੱਲਾਂ ਦਾ ਵੀ ਨੈਗੇਟਿਵ ਐੱਮ.ਡੀ.ਐੱਸ. ਟੈਸਟ ਨਾਲ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ‘ਬੋਨ ਮੈਰੋ ਫੇਲ੍ਹ’ ਬਾਰੇ ਦੱਸਿਆ ਕਿ ਇਸ ’ਚ ਬੋਨ ਮੈਰੋ ਚੰਗਾ ਖੂਨ ਪੈਦਾ ਕਰਨਾ ਬੰਦ ਕਰ ਦਿੰਦਾ ਹੈ। ਇਹ ਬਜ਼ੁਰਗਾਂ ’ਚ ਵਧੇਰੇ ਹੁੰਦਾ ਹੈ ਅਤੇ ਕੁਝ ਮਾਮਲਿਆਂ ’ਚ ਲਿਊਕੇਮੀਆ ’ਚ ਬਦਲ ਸਕਦਾ ਹੈ। ਇਸ ਮੌਕੇ ਡਾ. ਗਰਗ ਨੂੰ ਕੌਂਸਲ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡਾ. ਭਰਤ ਗੁਪਤਾ, ਡਾ. ਰਮਨ ਚਾਵਲਾ, ਡਾ. ਆਰੂਸ਼ ਪਸਰੀਚਾ, ਡਾ. ਐੱਚ. ਐੱਸ. ਢੀਂਗਰਾ, ਡਾ. ਸੀ.ਪੀ. ਸਿੱਕਾ, ਡਾ. ਸੁਮੇਸ਼ ਹਾਂਡਾ, ਡਾ. ਰਾਜਦੀਪ ਸਿੰਘ, ਡਾ. ਕਪਿਲ ਗੁਪਤਾ, ਡਾ. ਕਮਲ ਸਚਦੇਵਾ, ਡਾ. ਸ਼ਰਨਜੀਤ ਸਿੰਘ ਬੇਦੀ, ਡਾ. ਰੋਹਨ ਸਰਦਾਨਾ ਅਤੇ ਹੋਰ ਹਾਜ਼ਰ ਸਨ।