ਜਲੰਧਰ, 17 ਅਕਤੂਬਰ (ਜਤਿੰਦਰ ਪੰਮੀ)-ਗੁਲਾਬ ਦੇਵੀ ਰੋਡ ਸਥਿਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਾਰਡ-61 ਅਧੀਨ ਪੈਂਦੇ ਅਮਰ ਨਗਰ ਵਿਖੇ ਸੱਤਾਧਾਰੀ ਪਾਰਟੀ ਦੇ ਸਾਬਕਾ ਕੌਂਸਲਰ ਤੇ ਵਿਰੋਧੀ ਧਿਰ ਦੇ ਕੌਂਸਲਰ ਦੇ ਪਰਿਵਾਰ ਵਿਚਾਲੇ ਇਲਾਕੇ ’ਚ ਖਰਾਬ ਹੋਏ ਸੀਵਰੇਜ ਨੂੰ ਠੀਕ ਕਰਵਾਉਣ ਵਾਸਤੇ ਕ੍ਰੈਡਿਟ ਲੈਣ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ। ਗੱਲ ਏਨੀ ਵਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਜਿੱਥੇ ਭੱਦੀ ਸ਼ਬਦਾਵਲੀ ਵਰਤੀ ਗਈ, ਉਥੇ ਹੀ ਉਹ ਹੱਥੋਪਾਈ ਹੋ ਗਏ। ਦੋਵਾਂ ਧਿਰਾਂ ਨੇ ਇਕ ਦੂਜੇ ਉਪਰ ਹੱਥੋਪਾਈ ਕਰਨ ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ। ਇਸ ਉਪਰੰਤ ਰੋਸ ’ਚ ਆਏ ਜਗਦੀਸ਼ ਸਮਰਾਏ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਫੋਨ ’ਤੇ ਸ਼ਿਕਾਇਤ ਦਿੱਤੀ ਅਤੇ ਸਾਥੀਆਂ ਨਾਲ ਧਰਨਾ ਲਾ ਕੇ ਬੈਠ ਗਏ। ਸੂਚਨਾ ਮਿਲਣ ਉਪਰੰਤ ਵੈਸਟ ਹਲਕੇ ਦੇ ਏ. ਸੀ. ਪੀ. ਆਤਿਸ਼ ਭਾਟੀਆ ਵੀ ਪੁਲਿਸ ਪਾਰਟੀ ਸਮੇਤ ਉਥੇ ਪੁੱਜ ਗਏ। ਇਸੇ ਦੌਰਾਨ ਜਗਦੀਸ਼ ਸਮਰਾਏ ਨੇ ਕੈਬਨਿਟ ਮੰਤਰੀ ਦੇ ਪੁੱਤਰ ਤੇ ਪਾਰਟੀ ਆਗੂ ਅਤੁਲ ਭਗਤ ਨੂੰ ਫੋਨ ਕੀਤਾ ਤਾਂ ਉਹ ਆਪਣੇ ਸਾਥੀਆਂ ਸਮੇਤ ਪੁੱਜ ਗਏ। ਓਧਰ ਮੇਅਰ ਵਨੀਤ ਧੀਰ ਵੀ ਨਾਰਥ ਹਲਕੇ ਦੇ ਕੌਂਸਲਰਾਂ ਨਾਲ ਉੱਥੇ ਪੁੱਜ ਗਏ। ਦੂਜੇ ਪਾਸੇ ਕਾਂਗਰਸੀ ਕੌਂਸਲਰ ਦੀ ਹਮਾਇਤ ਨਾਰਥ ਹਲਕੇ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਵੀ ਸਾਥੀਆਂ ਸਮੇਤ ਪੁੱਜ ਗਏ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਕ-ਦੂਜੇ ’ਤੇ ਘਟੀਆ ਸਿਆਸਤ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ’ਚ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਵਲੋਂ ਸੱਤਾਧਾਰੀ ਧਿਰ ਦੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੀ ਸ਼ਿਕਾਇਤ ’ਤੇ ਕਾਂਗਰਸੀ ਕੌਂਸਲਰ ਮਧੂ ਬਾਲਾ ਦੇ ਪਤੀ ਤੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਾਰਡ-61 ਦੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਨੇ ਦੱਸਿਆ ਕਿ ਅਮਰ ਨਗਰ ਦੀ ਗਲੀ ਨੰਬਰ 5 ਦਾ ਸੀਵਰੇਜ ਬੈਠ ਗਿਆ ਸੀ, ਜਿਸ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਨੇ ਨਿਗਮ ਦੀ ਬੀ. ਐਂਡ ਆਰ. ਓ. ਐਂਡ ਐੱਮ. ਸ਼ਾਖਾ ਦੇ ਐਕਸੀਅਨ ਤੇ ਐੱਸ. ਡੀ. ਓ. ਨੂੰ ਫੋਨ ਕਰਕੇ ਅਤੇ ਲਿਖਤੀ ਮੈਸੇਜ ਭੇਜ ਜਲਦ ਤੋਂ ਜਲਦ ਠੀਕ ਕਰਨ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਠੇਕੇਦਾਰ ਦੇ ਮੁਲਾਜ਼ਮ ਸੀਵਰੇਜ ਠੀਕ ਕਰਨ ਲਈ ਪੁੱਜੇ ਪਰ ਬਹੁਤੇ ਤਜਰਬੇਕਾਰ ਨਾ ਹੋਣ ਕਰਕੇ ਉਨ੍ਹਾਂ ਨਿਗਮ ਦੇ ਮਾਹਰ ਮੁਲਾਜ਼ਮ ਸਤਨਾਮ ਨੂੰ ਫੋਨ ਕਰਕੇ ਨੁਕਸ ਠੀਕ ਕਰਨ ਲਈ ਆਖਿਆ ਤੇ ਕਰੇਨ ਲਿਆਉਣ ਲਈ ਵੀ ਕਹਿ ਦਿੱਤਾ। ਜਗਦੀਸ਼ ਸਮਰਾਏ ਨੇ ਕਿਹਾ ਕਿ ਜਦੋਂ ਲੇਬਰ ਸੀਵਰੇਜ ਠੀਕ ਕਰਨ ਲੱਗੀ ਤਾਂ ਉਹ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਕੰਮ ਕਰਵਾਉਣ ਬਾਰੇ ਦੱਸਣ ਲੱਗੇ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਵਾਰਡ ਦੀ ਮੌਜੂਦਾ ਕਾਂਗਰਸੀ ਕੌਂਸਲਰ ਮਧੂ ਬਾਲਾ, ਉਸ ਦੇ ਪਤੀ ਦਵਿੰਦਰ ਸ਼ਰਮਾ ਬੌਬੀ ਤੇ ਪੁੱਤਰ (ਸਫਾ
ਮੋਹਿਤ ਸ਼ਰਮਾ ਨੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਲਾਈਵ ਹੋਣ ’ਤੇ ਇਤਰਾਜ਼ ਕੀਤਾ। ਸਮਰਾਏ ਨੇ ਦੱਸਿਆ ਕਿ ਉਨ੍ਹਾਂ ਕੌਂਸਲਰ ਤੇ ਉਸ ਦੇ ਪਰਿਵਾਰ ਨੂੰ ਕਿਹਾ ਕਿ ਉਹ ਵੀ ਲਾਈਵ ਹੋਏ ਸਨ ਤਾਂ ਅਸੀਂ ਕੁਝ ਨਹੀਂ ਕਿਹਾ, ਹੁਣ ਤੁਸੀਂ ਕਿਉਂ ਇਤਰਾਜ਼ ਕਰ ਰਹੇ ਹੋ। ਇਸ ’ਤੇ ਕੌਂਸਲਰ ਦੇ ਪਤੀ ਦਵਿੰਦਰ ਸ਼ਰਮਾ ਬੌਬੀ ਨੇ ਗਲੇ ਤੋਂ ਫੜ ਲਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤਾ। ਜਗਦੀਸ਼ ਸਮਰਾਏ ਨੇ ਦੋਸ਼ ਲਾਇਆ ਕਿ ਦੂਜੀ ਧਿਰ ਨੇ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ। ਇਸ ’ਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੂਜੀ ਧਿਰ ਨੂੰ ਉਥੋਂ ਭੇਜ ਦਿੱਤਾ। ਓਧਰ ਕਾਂਗਰਸੀ ਕੌਂਸਲਰ ਮਧੂ ਬਾਲਾ ਨੇ ਦੱਸਿਆ ਕਿ ਅਮਰ ਨਗਰ ’ਚ ਮੇਨ ਰੋਡ ’ਤੇ ਪਿਛਲੇ 10-15 ਦਿਨਾਂ ਤੋਂ ਡੂੰਘਾ ਟੋਇਆ ਪਿਆ ਹੋਇਆ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸਨ। ਬੀਤੇ ਦਿਨੀਂ ਉਨ੍ਹਾਂ ਨੇ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ਹੇਠ ਨਿਗਮ ਦਫ਼ਤਰ ਧਰਨਾ ਦਿੱਤਾ ਅਤੇ ਇਸੇ ਦੌਰਾਨ ਕਮਿਸ਼ਨਰ ਨੂੰ ਉਕਤ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਲਾਈਵ ਹੋ ਕੇ ਇਸ ਸਮੱਸਿਆ ਬਾਰੇ ਦੱਸਿਆ ਤਾਂ ਨਿਗਮ ਅਧਿਕਾਰੀਆਂ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਨਿਗਮ ਦੀ ਟੀਮ ਸੀਵੇਰਜ ਠੀਕ ਕਰਨ ਪੁੱਜੀ ਤਾਂ ਜਗਦੀਸ਼ ਸਮਰਾਏ ਆ ਕੇ ਆਪਣੀ ਟੌਹਰ ਬਣਾਉਣ ਲੱਗਾ। ਜਦੋਂ ਉਨ੍ਹਾਂ ਨੇ ਇਤਰਾਜ਼ ਕੀਤਾ ਤਾਂ ਅੱਗੋਂ ਉਨ੍ਹਾਂ ਦੇ ਪਤੀ ਦਵਿੰਦਰ ਸ਼ਰਮਾ ਬੌਬੀ ਨਾਲ ਹੱਥੋਪਾਈ ਕੀਤੀ ਅਤੇ ਸਰਕਾਰ ਦਾ ਦਬਾਅ ਪਾ ਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕੌਸਲਰ ਮਧੂ ਬਾਲਾ ਨੂੰ ਪੁੱਛਿਆ ਕਿ ਜਗਦੀਸ਼ ਸਮਰਾਏ ਨੇ ਜਾਤੀਸੂਚਕ ਸ਼ਬਦ ਕਹਿਣ ਦੇ ਦੋਸ਼ ਲਾਏ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਦੋਸ਼ ਝੂਠੇ ਹਨ ਅਤੇ ਮੌਕੇ ’ਤੇ ਲੋਕ ਤੇ ਦੁਕਾਨਦਾਰ ਮੌਜੂਦ ਸਨ, ਜਿਨ੍ਹਾਂ ਸਾਹਮਣੇ ਝਗੜਾ ਹੋਇਆ। ਇਲਾਕੇ ’ਚ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਓਧਰ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਗੁਰਦੀਪ ਚੰਦ ਨੇ ਕਿਹਾ ਕਿ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੇ ਬਿਆਨ ਲੈ ਲਏ ਗਏ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮਾਮਲੇ ’ਚ ਐੱਸ.ਸੀ./ਐੱਸ. ਟੀ. ਐਕਟ ਲਾਉਣ ਬਾਰੇ ਪੁੱਛੇ ਜਾਣ ’ਤੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾਵੇਗੀ।
ਸੱਤਾਧਾਰੀ ਪਾਰਟੀ ਦੇ ਮੇਅਰ ਤੇ ਆਗੂਆਂ ਨੇ ਘਟੀਆ ਸਿਆਸਤ ਕੀਤੀ-ਬਾਵਾ ਹੈਨਰੀ
ਓਧਰ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਕਿਹਾ ਕਿ ਵਾਰਡ ਦੀ ਕਾਂਗਰਸੀ ਕੌਂਸਲਰ ਨੇ ਨਿਗਮ ਅਧਿਕਾਰੀਆਂ ਨੂੰ ਕਹਿ ਕੇ ਸਮੱਸਿਆ ਦਾ ਹੱਲ ਕਰਵਾਉਣ ਲਈ ਆਪਣਾ ਫਰਜ਼ ਨਿਭਾਇਆ ਪਰ ਇਸ ਦੇ ਉਲਟ ਸੱਤਾਧਾਰੀ ਪਾਰਟੀ ਦੇ ਸਾਬਕਾ ਕੌਂਸਲਰ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਮੇਅਰ ਤੇ ਹੋਰ ਆਗੂਆਂ ਨੇ ਝਗੜੇ ਨੂੰ ਤੂਲ ਦੇਣ ਲਈ ਦਬਾਅ ਬਣਾਇਆ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੌਂਸਲਰ ਦੇ ਹੱਕ ਵਿੱਚ ਖੜ੍ਹਨਾ ਪਿਆ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਘਟੀਆ ਸਿਆਸਤ ਕਰ ਰਹੀ ਹੈ ਅਤੇ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਉਨ੍ਹਾਂ ਕੋਲ ਘਟਨਾ ਦੀ ਸਾਰੀ ਰਿਕਾਰਡਿੰਗ ਮੌਜੂਦ ਹੈ, ਜਿਸ ਤੋਂ ਸਾਫ਼ ਪਤਾ ਲੱਗ ਜਾਵੇਗਾ ਕਿ ਕਿਸ ਨੇ ਕਿਸ ਨੂੰ ਕੀ ਕਿਹਾ।
ਖਰਾਬ ਸੀਵਰੇਜ ਨੂੰ ਠੀਕ ਕਰਵਾਉਣ ਨੂੰ ਲੈ ਕੇ ਚੱਲੀ ‘ਕ੍ਰੈਡਿਟ ਵਾਰ’ ਵਾਰਡ-61 ਦੇ ਸਾਬਕਾ ਤੇ ਮੌਜੂਦਾ ਕੌਂਸਲਰ ਵਿਚਾਲੇ ਝਗੜਾ, ਦੋਵੇਂ ਧਿਰਾਂ ਹੋਈਆਂ ਹੱਥੋਪਾਈ
ਜਲੰਧਰ, 17 ਅਕਤੂਬਰ (ਜਤਿੰਦਰ ਪੰਮੀ)-ਗੁਲਾਬ ਦੇਵੀ ਰੋਡ ਸਥਿਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਾਰਡ-61 ਅਧੀਨ ਪੈਂਦੇ ਅਮਰ ਨਗਰ ਵਿਖੇ ਸੱਤਾਧਾਰੀ ਪਾਰਟੀ ਦੇ ਸਾਬਕਾ ਕੌਂਸਲਰ ਤੇ ਵਿਰੋਧੀ ਧਿਰ ਦੇ ਕੌਂਸਲਰ ਦੇ ਪਰਿਵਾਰ ਵਿਚਾਲੇ ਇਲਾਕੇ ’ਚ ਖਰਾਬ ਹੋਏ ਸੀਵਰੇਜ ਨੂੰ ਠੀਕ ਕਰਵਾਉਣ ਵਾਸਤੇ ਕ੍ਰੈਡਿਟ ਲੈਣ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ। ਗੱਲ ਏਨੀ ਵਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਜਿੱਥੇ ਭੱਦੀ ਸ਼ਬਦਾਵਲੀ ਵਰਤੀ ਗਈ, ਉਥੇ ਹੀ ਉਹ ਹੱਥੋਪਾਈ ਹੋ ਗਏ।
ਝਗੜੇ ਉਪਰੰਤ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਧਰਨਾ ਲਾਉਣ ਦੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਲੋਕਾਂ ਨਾਲ ਗੱਲਬਾਤ ਕਰਦੇ ਹੋਏ।
18-10-2026