ਬੇਕਾਬੂ ਟਰੱਕ ਚਾਹ ਦੀ ਦੁਕਾਨ ’ਚ ਵੜਿਆ, ਪਤੀ-ਪਤਨੀ ਨੇ ਭੱਜ ਕੇ ਬਚਾਈ ਜਾਨ
ਮਕਸੂਦਾਂ, 24 ਅਕਤੂਬਰ (ਸੌਰਵ ਮਹਿਤਾ)-ਸੰਜੇ ਗਾਂਧੀ ਨਗਰ ਰੋਡ ’ਤੇ ਦੇਰ ਰਾਤ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਚਾਹ ਦੀ ਦੁਕਾਨ ਵਿਚ ਜਾ ਵੜਿਆ, ਜਿਸ ਕਾਰਨ ਦੁਕਾਨ ਦੀ ਛੱਤ ਅਤੇ ਕੰਧ ਢਹਿ ਗਈਆਂ ਤੇ ਸਾਮਾਨ ਮਲਬੇ ਹੇਠਾਂ ਦੱਬ ਗਿਆ। ਗਨੀਮਤ ਰਹੀ ਕਿ ਦੁਕਾਨ ਚਲਾਉਣ ਵਾਲੇ ਪਤੀ-ਪਤਨੀ ਨੇ ਸਮਾਂ ਰਹਿੰਦਿਆਂ ਭੱਜ ਕੇ ਆਪਣੀ ਜਾਨ ਬਚਾ ਲਈ।
ਮਕਸੂਦਾਂ, 24 ਅਕਤੂਬਰ (ਸੌਰਵ ਮਹਿਤਾ)-ਸੰਜੇ ਗਾਂਧੀ ਨਗਰ ਰੋਡ ’ਤੇ ਦੇਰ ਰਾਤ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਚਾਹ ਦੀ ਦੁਕਾਨ ਵਿਚ ਜਾ ਵੜਿਆ, ਜਿਸ ਕਾਰਨ ਦੁਕਾਨ ਦੀ ਛੱਤ ਅਤੇ ਕੰਧ ਢਹਿ ਗਈਆਂ ਤੇ ਸਾਮਾਨ ਮਲਬੇ ਹੇਠਾਂ ਦੱਬ ਗਿਆ। ਗਨੀਮਤ ਰਹੀ ਕਿ ਦੁਕਾਨ ਚਲਾਉਣ ਵਾਲੇ ਪਤੀ-ਪਤਨੀ ਨੇ ਸਮਾਂ ਰਹਿੰਦਿਆਂ ਭੱਜ ਕੇ ਆਪਣੀ ਜਾਨ ਬਚਾ ਲਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਦੁਕਾਨ ਮਾਲਕ ਸਰਬਜੀਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੰਗੀਤਾ ਨਾਲ ਚਾਹ ਅਤੇ ਕੋਲਡ ਡਰਿੰਕ ਦੀ ਦੁਕਾਨ ਚਲਾਉਂਦਾ ਹੈ। ਸ਼ੁੱਕਰਵਾਰ ਰਾਤ ਖਾਣਾ ਖਾਣ ਤੋਂ ਬਾਅਦ ਦੋਵੇਂ ਦੁਕਾਨ ਦੇ ਬਾਹਰ ਸੌਣ ਲਈ ਮੰਜਾ ਲਗਾ ਰਹੇ ਸਨ ਕਿ ਅਚਾਨਕ ਤੇਜ਼ ਰਫ਼ਤਾਰ ਟਰੱਕ ਉਨ੍ਹਾਂ ਵੱਲ ਆਉਂਦਾ ਦਿਖਾਈ ਦਿੱਤਾ। ਟਰੱਕ ਦੀ ਰਫ਼ਤਾਰ ਘੱਟ ਨਾ ਹੋਣ ਕਾਰਨ ਦੋਵਾਂ ਨੇ ਉੱਥੋਂ ਭੱਜ ਕੇ ਜਾਨ ਬਚਾਈ, ਪਰ ਟਰੱਕ ਸਿੱਧਾ ਦੁਕਾਨ ਵਿਚ ਜਾ ਵੜਿਆ। ਸਰਬਜੀਤ ਮੁਤਾਬਕ ਟਰੱਕ ਚਾਲਕ ਨੇ ਪਹਿਲਾਂ ਵਾਹਨ ਪਿੱਛੇ ਕੀਤਾ ਅਤੇ ਫਿਰ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਹਨੇਰਾ ਹੋਣ ਕਾਰਨ ਟਰੱਕ ਦਾ ਨੰਬਰ ਨੋਟ ਨਹੀਂ ਕੀਤਾ ਜਾ ਸਕਿਆ। ਹਾਦਸੇ ਵਿਚ ਲੋਹੇ ਦਾ ਕਾਊਂਟਰ, ਬੈੱਡ, ਮੰਜਾ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਪੀੜਤ ਪਰਿਵਾਰ ਨੇ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਹੈ। ਸਵੇਰੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।