ਅਪੈਕਸ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਵਿਧਾਨ ਦਿਵਸ ਮਨਾਇਆ
ਨਕੋਦਰ, 26 ਨਵੰਬਰ (ਗੁਰਵਿੰਦਰ ਸਿੰਘ)-ਗਾਂਧੀ ਹਾਊਸ ਵਲੋਂ ਪ੍ਰਿੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਯੋਗ ਅਗਵਾਈ ਹੇਠ ਤੇ ਸੀ. ਬੀ.
ਨਕੋਦਰ, 26 ਨਵੰਬਰ (ਗੁਰਵਿੰਦਰ ਸਿੰਘ)-ਗਾਂਧੀ ਹਾਊਸ ਵਲੋਂ ਪ੍ਰਿੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਯੋਗ ਅਗਵਾਈ ਹੇਠ ਤੇ ਸੀ.ਬੀ.ਐੱਸ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਗਾਂਧੀ ਹਾਊਸ ਵਲੋਂ ਡਾ. ਬੀ. ਆਰ. ਅੰਬੇਡਕਰ ਤੇ ਭਾਰਤੀ ਸੰਵਿਧਾਨ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਮੈਡਮ ਗੋਸ਼ਟੀ ਨੇ ਮੌਲਿਕ ਅਧਿਕਾਰਾਂ, ਮੌਲਿਕ ਕਰਤੱਵਾਂ ਅਤੇ ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਵਰਗੇ ਸੰਵਿਧਾਨਕ ਮੁੱਲਾਂ ਬਾਰੇ ਵਿਚਾਰਸ਼ੀਲ ਭਾਸ਼ਣ ਪੇਸ਼ ਕੀਤਾ। ਸਮੂਹ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇੱਕ ਆਵਾਜ਼ ’ਚ ਮਿਲ ਕੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਸਮੂਹਿਕ ਪਾਠ ਕੀਤਾ। ਇਸ ਦੌਰਾਨ ਪੂਰਾ ਮਾਹੌਲ ਮਾਣ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹੋ ਗਿਆ। ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ “ਸਾਡਾ ਸੰਵਿਧਾਨ- ਸਾਡਾ ਮਾਣ” ਵਿਸ਼ੇ ‘ਤੇ ਪੋਸਟਰ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਮੌਲਿਕ ਅਧਿਕਾਰਾਂ, ਸੰਵਿਧਾਨ ਦੀ ਪ੍ਰਸਤਾਵਨਾ ਤੇ ਰਾਸ਼ਟਰੀ ਚਿੰਨ੍ਹਾਂ ਨੂੰ ਦਰਸਾਉਂਦੇ ਹੋਏ ਸੁੰਦਰ ਤੇ ਰਚਨਾਤਮਕ ਪੋਸਟਰ ਬਣਾਏ। ਵਿਦਿਆਰਥੀਆਂ ਨੇ ਭਾਰਤੀ ਸੰਵਿਧਾਨ ਦੇ ਮਹੱਤਵ ਤੇ ਇਤਿਹਾਸ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਤੇ ਯੋਗਦਾਨ ਬਾਰੇ ਭਾਸ਼ਣ ਵੀ ਪੇਸ਼ ਕੀਤੇ। ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਦੋਸਾਂਝ ਤੇ ਪ੍ਰਿੰਸੀਪਲ ਸ਼ਾਲੂ ਗੁਪਤਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।