ਲਟਕ ਰਹੇ ਪੁਲਿਸ ਮਾਮਲਿਆਂ ਸਬੰਧੀ ‘ਥਾਣਾ ਲੋਹੀਆਂ ਮੂਹਰੇ ਮੁਜ਼ਾਹਰਾ’ 4 ਨੂੰ-ਜਥੇਬੰਦੀਆਂ
ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਨੌਜਵਾਨ ਭਾਰਤ ਸਭਾ ਵਲੋਂ ਲਟਕ ਰਹੇ ਲੋਕ ਮਾਮਮਲਿਆਂ ਸਬੰਧੀ ਕੀਤੀ ਮੀਟਿੰਗ ਤੋਂ ਬਾਅਦ 4 ਦਸੰਬਰ ਨੂੰ ਲੋਹੀਆਂ ਸ਼ਹਿਰ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਥਾਣੇ ਲੋਹੀਆਂ ਮੂਹਰੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ| ਇਸ ਸਬੰਧੀ ਲੋਹੀਆ ਥਾਣੇ ’ਚਵੱਖ-ਵੱਖ ਪਿੰਡਾਂ ਤੋਂ ਆਏ ਪੀੜਤ ਲੋਕ ਦੋਹਾਂ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ’ਚ ਪਹੁੰਚੇ ਸਨ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਹਰ ਨਵੇਂ ਆਉਣ ਵਾਲੇ ਥਾਣਾ ਮੁਖੀ ਨਾਲ ਉਨ੍ਹਾਂ ਨੂੰ ਆਸ ਬੱਝਦੀ ਹੈ ਕਿ ਹੁਣ ਉਨਾਂ ਨੂੰ ਇਨਸਾਫ ਮਿਲ ਜਾਵੇਗਾ, ਪਰ ਉਨਾਂ ਦੀ ਇਸ ਆਸ ਨੂੰ ਬੂਰ ਨਹੀਂ ਪੈਂਦਾ| ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਅਟਵਾਲ ਅਤੇ ਸੋਨੂ ਅਰੋੜਾ ਨੇ ਕਿਹਾ ਕਿ ਲੋਹੀਆ ਥਾਣੇ ਦੇ ਮੁਲਾਜ਼ਮਾਂ ਦੀ ਬਦਲੀ ਮਹਿਜ ਖਾਨਾ ਪੂਰਤੀ ਹੈ| ਉਨ੍ਹਾਂ ਕਿਹਾ ਕਿ ਮੌਜੂਦਾ ਥਾਣਾ ਮੁਖੀ ਵਲੋਂ ਉਨਾਂ ਨੂੰ ਇਨਸਾਫ ਦਵਾਉਣ ਦਾ ਭਰੋਸਾ ਦੇ ਕੇ ਮੀਟਿੰਗ ਸੱਦੀ ਗਈ ਸੀ, ਪਰ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਿਨਾਂ ਹੀ ਥਾਣਾ ਮੁਖੀ ਛੋਟੇ ਥਾਣੇ ਦਾਰ ਦੀ ਡਿਊਟੀ ਲਾ ਕੇ ਚਲੇ ਗਏ| ਉਨ੍ਹਾਂ ਦੋਸ਼ ਲਾਇਆ ਕਿ ਛੋਟੇ ਥਾਣੇਦਾਰ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਗੈਰ ਜਿੰਮੇਵਾਰੀ ਵਾਲਾ ਵਿਵਹਾਰ ਕੀਤਾ, ਜਿਸ ਨੂੰ ਲੈ ਕੇ ਉਨ੍ਹਾਂ 4 ਦਸੰਬਰ ਦਾ ਮੁਜ਼ਾਹਰਾ ਉਲੀਕਿਆ ਹੈ| ਇਸ ਮੌਕੇ ਸੁਖਦੇਵ ਮੁਰਾਜਵਾਲਾ, ਮੰਗਾ ਨਾਹਲ, ਕੁਲਦੀਪ ਮੰਡਾਲਾ ਸਮੇਤ ਹੋਰ ਵਰਕਰ ਵੀ ਹਾਜਰ ਸਨ|