ਜਲੰਧਰ, 28 ਨਵੰਬਰ (ਅ.ਬ.) ‘ਯੁਵਾ ਥੀਏਟਰ’ ਵਲੋਂ ਕੇ. ਐਲ. ਸਹਿਗਲ ਮੈਮੋਰੀਅਲ ਹਾਲ ਵਿਖੇ ਕਰਵਾਏ ਜਾ ਰਹੇ 12ਵੇਂ ‘ਯੁਵਾ ਰੰਗ ਉਤਸਵ’ ਦੌਰਾਨ ਬੀਤੇ ਦਿਨ ਸ਼ਨੀਵਾਰ ਨੂੰ ਨਾਟਕ ‘ਘਰ ਕਾ ਨਾ ਘਾਟ ਕਾ’ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਦੀ ਅਗਲੀ ਲੜੀ ਤਹਿਤ ਅੱਜ ਐਤਵਾਰ ਨੂੰ ਸ਼ਾਮ 6:15 ਵਜੇ ਕੇ. ਐਲ. ਸਹਿਗਲ ਮੈਮੋਰੀਅਲ ਹਾਲ ਵਿਖੇ ਹੀ ਨਾਟਕ ‘ਪਿਆਰ ਕੀ ਐਕਸਟਰਾ ਕਲਾਸ’ ਪੇਸ਼ ਕੀਤਾ ਜਾਵੇਗਾ। ਇਹ ਉਤਸਵ ਸ਼ਹਿਰ ਵਾਸੀਆਂ ਨੂੰ ਕਲਾ ਨਾਲ ਜੋੜਨ ਦੇ ਨਾਲ-ਨਾਲ ਕਲਾਕਾਰਾਂ ਨੂੰ ਵੀ ਬਿਹਤਰੀਨ ਮੰਚ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਤਸਵ ਦੇ ਚੌਥੇ ਨਾਟਕ ਵਜੋਂ ਡਾ. ਅੰਕੁਰ ਸ਼ਰਮਾ ਵੱਲੋਂ ਰੂਪਾਂਤਰਿਤ ਅਤੇ ਨਿਰਦੇਸ਼ਿਤ ‘ਦ ਓਵਰਕੋਟ’ ਦੀ 15ਵੀਂ ਸਟੇਜ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਰੂਸੀ ਲੇਖਕ ਨਿਕੋਲਾਈ ਗੋਗੋਲ ਦੀ ਕਹਾਣੀ ਰਾਹੀਂ ਮਜ਼ਦੂਰ ਵਰਗ ਦੇ ਸੰਘਰਸ਼ ਅਤੇ ਸਮਾਜਿਕ ਅਸਮਾਨਤਾ ਤੋਂ ਜਾਣੂ ਕਰਵਾਇਆ। ਇਸ ਨਾਟਕ ਵਿਚ ਅੰਕੁਰ ਸ਼ਰਮਾ, ਵਿਸ਼ੇਸ਼ ਅਰੋੜਾ, ਜੀਵਨ ਸਿੰਘ ਅਤੇ ਅਰੁਣ ਨਿਰਵਾਨ ਨੇ ਅਦਾਕਾਰੀ ਕੀਤੀ, ਜਦਕਿ ਰੌਸ਼ਨੀ ਦਾ ਪ੍ਰਬੰਧ ਇੰਦਰਪਾਲ ਸਿੰਘ ਅਤੇ ਸੰਗੀਤ ਰੋਹਿਤਾਸ਼ ਸਰਮਲ ਨੇ ਦਿੱਤਾ।