ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ (ਰਜਿ.) ਸਰਕਲ ਸ੍ਰੀ ਮੁਕਤਸਰ ਸਾਹਿਬ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਜਿਸ 'ਚ ਸਰਕਲ ਅਹੁਦੇਦਾਰਾਂ ਤੋਂ ਇਲਾਵਾ ਮੰਡਲਾਂ ਦੇ ਪ੍ਰਧਾਨ ਸ਼ਾਮਿਲ ਹੋਏ | ਇਸ ਮੌਕੇ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਸੰਬੰਧੀ, ਪਾਵਰਕਾਮ ਤੇ ਸਰਕਾਰੀ ਜਾਇਦਾਦਾਂ ਵੇਚਣ ਤੋਂ ਰੋਕਣ, ਨਵੇਂ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ ਅਤੇ ਮਗਨਰੇਗਾ ਸਕੀਮ ਦੀ ਥਾਂ ਨਵੇਂ ਕਾਨੂੰਨ ਲਾਗੂ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਵਲੋਂ ਉਲੀਕੇ ਸੰਘਰਸ਼ ਤਹਿਤ 16 ਜਨਵਰੀ ਨੂੰ ਐੱਸ. ਈ. ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਅੱਗੇ ਰੱਖੇ ਧਰਨੇ 'ਚ ਪਾਵਰਕਾਮ ਦੇ ਪੈਨਸ਼ਨਰਾਂ ਵਲੋਂ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ | ਇਸ ਤੋਂ ਇਲਾਵਾ ਸੂਬਾ ਕਮੇਟੀ ਵਲੋਂ ਉਲੀਕੇ ਸੰਘਰਸ਼ ਤਹਿਤ 2 ਤੋਂ 14 ਜਨਵਰੀ ਤੱਕ ਵੱਖ-ਵੱਖ ਹਲਕਿਆ ਦੇ ਵਿਧਾਇਕਾਂ ਨੂੰ ਮੰਗ-ਪੱਤਰ ਦਿੱਤੇ ਜਾਣਗੇ | ਸੰਘਰਸ਼ ਨੂੰ ਹੋਰ ਅੱਗੇ ਵਧਾਉਂਦਿਆਂ 23 ਫ਼ਰਵਰੀ ਨੂੰ ਸਰਕਲ ਦੀ ਕਨਵੈਨਸ਼ਨ ਕੀਤੀ ਜਾਵੇਗੀ | ਉਪਰੰਤ ਫ਼ਰਵਰੀ ਦੇ ਅਖ਼ੀਰ 'ਚ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਲੁਧਿਆਣਾ ਵਿਖੇ ਸੂਬਾਈ ਧਰਨਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਮੀਟਿੰਗ ਵਿਚ ਮੈਡੀਕਲ ਬਿੱਲਾਂ ਬਾਰੇ ਚਰਚਾ ਕੀਤੀ ਗਈ, ਜੋ ਕਿ ਸੇਵਾ ਮੁਕਤ ਕਰਮਚਾਰੀਆਂ ਦੇ ਮੈਡੀਕਲ ਬਿੱਲ ਗਿੱਦੜਬਾਹਾ, ਬਾਦਲ, ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਮੰਡਲ ਦੇ ਸੀ. ਐੱਮ. ਓ. ਸ੍ਰੀ ਮੁਕਤਸਰ ਸਾਹਿਬ ਦਫ਼ਤਰ ਵਿਖੇ ਆਉਂਦੇ ਹਨ | ਇਹ ਬਿੱਲ ਪਾਸ ਕਰਨ ਵਿਚ ਦੇਰੀ ਕੀਤੀ ਜਾਂਦੀ ਹੈ | ਤਿੰਨ-ਤਿੰਨ, ਚਾਰ-ਚਾਰ ਮਹੀਨੇ ਬਿੱਲ ਲਟਕਦੇ ਰਹਿੰਦੇ ਹਨ ਤੇ ਸਾਲ 2024 ਦੇ ਮੈਡੀਕਲ ਬਿੱਲ ਪਾਸ ਕਰਨ ਵਾਲੇ ਇਸ ਦਫ਼ਤਰ ਵਿਚ ਪਏ ਹਨ | ਇਸ ਸੰਬੰਧ 'ਚ 12 ਅਗਸਤ ਨੂੰ ਸੀ. ਐੱਮ. ਓ. ਨਾਲ ਜਥੇਬੰਦੀ ਦੀ ਮੀਟਿੰਗ ਵੀ ਹੋਈ ਸੀ, ਪਰ ਇਕ ਵਾਰ ਮੈਡੀਕਲ ਬਿੱਲ ਪਾਸ ਕਰਨ ਉਪਰੰਤ ਮੈਡੀਕਲ ਬਿੱਲ ਪਾਸ ਕਰਨ 'ਚ ਬਹੁਤ ਦੇਰੀ ਕੀਤੀ ਜਾ ਰਹੀ ਹੈ | ਜਥੇਬੰਦੀ ਨੇ ਇਸ ਸੰਬੰਧ 'ਚ 27 ਨਵੰਬਰ ਨੂੰ ਪੱਤਰ ਲਿਖਿਆ ਗਿਆ, ਪਰ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਗਈ, ਜਿਸ ਕਰਕੇ ਸੇਵਾ ਮੁਕਤ ਕਰਮਚਾਰੀਆ 'ਚ ਭਾਰੀ ਰੋਸ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਇਸ ਸੰਬੰਧ 'ਚ ਮੀਟਿੰਗ ਦਾ ਸਮਾਂ ਦਿੱਤਾ ਜਾਵੇ, ਤਾਂ ਜੋ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ | ਇਸ ਮੌਕੇ ਭਜਨ ਲਾਲ, ਹਰਜੀਤ ਸਿੰਘ ਗੂੜ੍ਹੀ ਸੰਗਰ, ਜਸਵਿੰਦਰ ਸਿੰਘ ਅਤੇ ਮੌੜਾ ਸਿੰਘ ਸਰਕਲ ਆਗੂਆਂ ਤੋਂ ਇਲਾਵਾ ਸ਼ੰਕਰ ਦਾਸ, ਸ਼ਮਸ਼ੇਰ ਸਿੰਘ ਤੇ ਬੂਟਾ ਸਿੰਘ ਹਰਾਜ ਸਾਰੇ ਡਵੀਜ਼ਨ ਆਗੂ ਸ਼ਾਮਿਲ ਸਨ | ਅਖ਼ੀਰ ਵਿਚ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਮੀਟਿੰਗ 'ਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ |