ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਰਣਜੀਤ ਸਿੰਘ ਢਿੱਲੋਂ)-ਵਿਸ਼ਵ ਪ੍ਰਸਿੱਧ ਮਾਘੀ ਮੇਲਾ ਗਣਤੰਤਰ ਦਿਵਸ ਮੌਕੇ ਛੁੱਟੀ ਵਾਲੇ ਦਿਨ ਖ਼ੂਬ ਭਰਿਆ | ਸ਼ਹਿਰ ਤੋਂ ਇਲਾਵਾ ਇਲਾਕਾ ਵਾਸੀ ਅਤੇ ਦੂਰ-ਦੁਰਾਡੇ ਤੋਂ ਲੋਕ ਮਨੋਰੰਜਨ ਮੇਲਾ ਮੈਦਾਨ ਵਿਚ ਪਹੁੰਚੇ | ਸਾਰਾ ਦਿਨ ਹੀ ਮਲੋਟ ਰੋਡ 'ਤੇ ਪੂਰੀ ਭੀੜ ਲੱਗੀ ਰਹੀ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਜਾਮ ਹੁੰਦੀਆਂ ਰਹੀਆਂ | ਮਲੋਟ ਰੋਡ 'ਤੇ ਆਸਪਾਸ ਵੱਖ-ਵੱਖ ਸਜੀਆਂ ਦੁਕਾਨਾਂ ਤੋਂ ਲੋਕਾਂ ਨੇ ਵੱਡੀ ਗਿਣਤੀ ਵਿਚ ਖ਼ਰੀਦੋ-ਫ਼ਰੋਖ਼ਤ ਕੀਤੀ | ਇਸ ਤੋਂ ਇਲਾਵਾ ਮਨੋਰੰਜਨ ਮੇਲਾ ਮੈਦਾਨ ਵਿਚ ਵੱਡੇ ਝੂਲਿਆਂ ਤੋਂ ਇਲਾਵਾ ਕਾਰਾਂ ਮੋਟਰਸਾਈਕਲਾਂ ਤੇ ਹੋਰ ਕਰਤੱਬ ਲੋਕਾਂ ਵਲੋਂ ਗਹੁ ਨਾਲ ਵੇਖੇ ਗਏ | ਬੱਚਿਆਂ ਵਲੋਂ ਜਿੱਥੇ ਰੇਲ ਗੱਡੀ ਸਮੇਤ ਵੱਖ-ਵੱਖ ਝੂਲਿਆਂ ਦਾ ਆਨੰਦ ਮਾਣਿਆ ਗਿਆ, ਉੱਥੇ ਹੀ ਸਵੀਮਿੰਗ ਪੂਲ ਵਿਚ ਵੀ ਛੋਟੇ ਝੂਲਿਆਂ ਦਾ ਪਾਣੀ ਵਿਚ ਚਲਾ ਕੇ ਆਨੰਦ ਲਿਆ | ਬੱਚਿਆਂ ਵਲੋਂ ਗ਼ੁਬਾਰਿਆਂ ਨੂੰ ਤੋੜਨ ਲਈ ਨਿਸ਼ਾਨੇਬਾਜ਼ੀ ਕੀਤੀ ਗਈ | ਵੱਖ-ਵੱਖ ਸੂਬਿਆਂ ਦੇ ਖਾਣਿਆਂ, ਮੱਕੀ ਦੀਆਂ ਛੱਲੀਆਂ ਅਤੇ ਹੋਰ ਖਾਣ-ਪੀਣ ਦੇ ਸਾਮਾਨ ਦਾ ਲੁਤਫ਼ ਲਿਆ | ਮਾਘੀ ਮੇਲੇ ਦੀ ਪ੍ਰਸਿੱਧ ਮਠਿਆਈ ਖ਼ਜਲੇ ਦੀ ਵੀ ਖ਼ਰੀਦ ਕੀਤੀ ਗਈ | ਕੱਪੜਿਆਂ ਦੀਆਂ ਦੁਕਾਨਾਂ ਤੋਂ ਕੱਪੜੇ ਦੀ ਖ਼ਰੀਦ ਕੀਤੀ ਅਤੇ ਸਜਾਵਟੀ ਦੁਕਾਨਾਂ ਤੋਂ ਫ਼ੁੱਲਾਂ ਤੇ ਹੋਰ ਸਾਮਾਨ ਦੀ ਖ਼ਰੀਦ ਕੀਤੀ ਗਈ | ਆਉਣ ਵਾਲੇ ਕਈ ਦਿਨਾਂ ਤੱਕ ਅਜੇ ਮੇਲੇ ਵਿਚ ਭੀੜ ਬਣੀ ਰਹੇਗੀ, ਕਿਉਂਕਿ ਦੂਰ-ਦੁਰਾਡੇ ਤੋਂ ਆਏ ਦੁਕਾਨਦਾਰਾਂ ਤੋਂ ਲੋਕ ਵੱਖ-ਵੱਖ ਤਰਾਂ ਦਾ ਸਾਮਾਨ ਖ਼ਰੀਦਣ ਲਈ ਆਉਂਦੇ ਹਨ | ਜਿਨਾਂ ਵਿਚ ਔਰਤਾਂ ਵਲੋਂ ਸ਼ਿੰਗਾਰ ਦੇ ਸਾਮਾਨ ਤੋਂ ਇਲਾਵਾ ਵੱਖ-ਵੱਖ ਭਾਂਡਿਆਂ, ਦਰੀਆਂ, ਮੈਟ ਅਤੇ ਹੋਰ ਘਰੇਲੂ ਸਾਮਾਨ ਖ਼ਰੀਦਿਆ ਜਾਂਦਾ ਹੈ |