ਲੰਬੀ, 27 ਜਨਵਰੀ (ਮੇਵਾ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ, ਕਿਸਾਨ, ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਬੱਸ ਅੱਡਾ ਲੰਬੀ ਤੋਂ ਸਬ ਤਹਿਸੀਲ ਲੰਬੀ ਤੱਕ ਵੱਡੀ ਗਿਣਤੀ ਵਿਚ ਟਰੈਕਟਰ ਮਾਰਚ ਕਰਨ ਤੋਂ ਬਾਅਦ ਸਬ ਤਹਿਸੀਲ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਅੱਜ ਦਾ ਰੋਸ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਾਰੇ ਦੇਸ਼ ਵਿਚ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਸਾਡੀਆਂ ਸਰਕਾਰਾਂ ਦੇ ਆਗੂ ਦੇਸ਼ ਵਿਚ ਕਾਨੂੰਨ ਦਾ ਚੱਲ ਰਿਹਾ ਰਾਜ ਦੱਸ ਕੇ ਦੇਸ਼ ਦੀ ਤਰੱਕੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪ੍ਰੰਤੂ ਅਸਲੀਅਤ ਕੁਝ ਹੋਰ ਹੈ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਮਜ਼ਦੂਰਾਂ ਦੀ ਐਨੀ ਮਾੜੀ ਹਾਲਤ ਹੈ ਕਿ ਉਹ ਜਾਨਵਰਾਂ ਵਾਂਗ ਘੁਰਨਿਆਂ ਵਰਗੇ ਮਕਾਨਾਂ ਵਿਚ ਨਰਕਾਂ ਵਰਗੀ ਜ਼ਿੰਦਗੀ ਗੁਜ਼ਾਰਨ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਫ਼ੌਜ ਦੀ ਨੌਕਰੀ ਨੂੰ ਬਹੁਤ ਵਧੀਆ ਨੌਕਰੀ ਕਿਹਾ ਜਾਂਦਾ ਹੈ, ਪਰ ਕੇਂਦਰ ਦੀ ਸਰਕਾਰ ਵਲੋਂ ਅਗਨੀਵੀਰ ਦੇ ਰੂਪ ਵਿਚ ਨੌਜਵਾਨਾਂ ਨੂੰ ਭਰਤੀ ਕਰਕੇ 4 ਸਾਲਾਂ ਬਾਅਦ ਸੇਵਾ ਮੁਕਤ ਕਰਕੇ ਉਸ ਨੂੰ ਠੇਕੇ ਦੀ ਭਰਤੀ ਵਾਂਗ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੁੰੂ ਦਿੱਲੀ ਵਿਚ ਧਰਨਾ ਲਗਾ ਕੇ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਤੋਂ ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨਾਂ ਨੂੰ ਤਾਂ ਵਾਪਸ ਕਰਵਾ ਲਿਆ, ਪ੍ਰੰਤੂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਉਸੇ ਕਾਨੂੰਨ ਦੇ ਪੈਰ ਵਿਚ ਪੈਰ ਮਾਰਦਾ ਕਾਨੂੰਨ ਲੈਂਡ ਪੂਿਲੰਗ ਲਿਆਂਦਾ, ਜਿਸ ਨਾਲ ਨਵੇਂ ਹਾਈਵੇਅ ਕੱਢਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖ਼ਰੀਦੀਆਂ ਗਈਆਂ ਅਤੇ ਜਿਨ੍ਹਾਂ ਨੇ ਵਿਰੋਧ ਕੀਤਾ, ਉਨ੍ਹਾਂ ਕਿਸਾਨਾਂ ਨੂੰ ਅਜੇ ਤੱਕ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ | ਉਨ੍ਹਾਂ ਆਖ਼ਰ ਵਿਚ ਕਿਹਾ ਕਿ ਅਸੀਂ ਸਾਲ ਵਿਚ 15 ਅਗਸਤ ਨੂੰ ਆਜ਼ਾਦੀ ਦਿਵਸ ਤੇ 26 ਜਨਵਰੀ ਨੰੂ ਗਣਤੰਤਰਤਾ ਦਿਵਸ ਵਜੋਂ ਮਨਾਉਂਦੇ ਹਾਂ, ਪਰ ਆਜ਼ਾਦੀ ਤੋਂ ਬਾਅਦ ਭਾਵੇਂ ਅੰਗਰੇਜ਼ ਇਥੋਂ ਚਲੇ ਗਏ, ਪਰ ਉਸ ਤੋਂ ਬਾਅਦ ਆਰਥਿਕ ਪੱਖੋਂ ਕਮਜ਼ੋਰ ਵਰਗ, ਕਿਸਾਨਾਂ, ਮਜ਼ਦੂਰਾਂ ਦੀਆਂ ਮੁਸ਼ਕਿਲਾਂ ਜਿਉਂ ਦੀ ਤਿਉਂ ਹੀ ਹਨ, ਇਸੇ ਲਈ ਸੰਘਰਸਸ਼ੀਲ ਜਥੇਬੰਦੀਆਂ ਨੂੰ ਆਪਣੇ ਹੱਕਾਂ ਦੀ ਆਵਾ{ ਨੂੰ ਗੁੂੰਗੀਆਂ ਤੇ ਬੋਲੀਆਂ ਸਰਕਾਰਾਂ ਤੱਕ ਪਹੁੰਚਾਉਣ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ | ਇਸ ਮੌਕੇ ਕਿਸਾਨ ਆਗੂ ਡਾ. ਹਰਪਾਲ ਸਿੰਘ ਕਿੱਲਿਆਂਵਾਲੀ, ਗੁਰਤੇਜ ਸਿੰਘ ਖੁੱਡੀਆਂ, ਜਗਸੀਰ ਸਿੰਘ ਗੱਗੜ, ਦਲਜੀਤ ਸਿੰਘ ਮਿੱਠੜੀ, ਜਰਨੈਲ ਸਿੰਘ ਪੰਜਾਵਾ ਆਦਿ ਹਾਜ਼ਰ ਸਨ |