ਮਲੋਟ, 28 ਜਨਵਰੀ (ਪਾਟਿਲ)-ਸ਼ਹਿਰ ਦੇ ਕੇਂਦਰੀ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੀ ਖ਼ਸਤਾ ਹਾਲਤ ਅਤੇ ਇੱਥੇ ਵਧ ਰਹੇ ਹਾਦਸਿਆਂ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਮਲੋਟ ਦੀ ਅਹਿਮ ਮੀਟਿੰਗ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਕਮੇਟੀ ਦੇ ਪ੍ਰਧਾਨ ਨਛੱਤਰ ਸਿੰਘ ਫ਼ੌਜੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਚੌਂਕ ਦੇ ਸੁੰਦਰੀਕਰਨ ਦੀ ਲੰਮੇ ਸਮੇਂ ਤੋਂ ਲਟਕ ਰਹੀ ਪ੍ਰਕਿਰਿਆ ਅਤੇ ਚੌਂਕ 'ਤੇ ਵਾਰ-ਵਾਰ ਹੋ ਰਹੇ ਸੜਕ ਹਾਦਸਿਆਂ 'ਤੇ ਗੰਭੀਰ ਚਿੰਤਾ ਜਤਾਈ ਗਈ | ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਦੀ ਤਰੱਕੀ ਤੇ ਸੁੰਦਰਤਾ ਦੀ ਪਛਾਣ ਚੌਂਕਾਂ ਦੀ ਹਾਲਤ ਤੋਂ ਹੀ ਹੁੰਦੀ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੀ ਮੌਜੂਦਾ ਸਥਿਤੀ ਸ਼ਹਿਰ ਦੀ ਛਵੀ ਨੂੰ ਧੱਕਾ ਪਹੁੰਚਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੋਲ ਕਈ ਵਾਰ ਚੌਂਕ ਦੇ ਸੁੰਦਰੀਕਰਨ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਕੰਮ ਸ਼ੁਰੂ ਵੀ ਹੋਇਆ, ਪਰ ਕਾਫ਼ੀ ਸਮੇਂ ਤੋਂ ਉਹ ਠੱਪ ਪਿਆ ਹੋਇਆ ਹੈ | ਡਾ. ਗਿੱਲ ਨੇ ਦੋਸ਼ ਲਗਾਇਆ ਕਿ ਹਾਦਸਿਆਂ ਤੋਂ ਬਚਾਅ ਲਈ ਵੀ ਚੌਂਕ 'ਤੇ ਅਜੇ ਤੱਕ ਕੋਈ ਠੋਸ ਤੇ ਪੁਖ਼ਤੇ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਵਾਅਦੇ ਹੋਣ ਦੇ ਬਾਵਜੂਦ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਚੌਂਕ ਦਾ ਸੁੰਦਰੀਕਰਨ ਅਧੂਰਾ ਹੈ, ਉਲਟਾ ਇੱਥੇ ਲਗਾਈਆਂ ਗਈਆਂ ਟਾਈਲਾਂ ਉਖਾੜ ਦਿੱਤੀਆਂ ਗਈਆਂ ਹਨ ਅਤੇ ਸੁੰਦਰ ਗਰਿੱਲਾਂ ਹਾਦਸਿਆਂ ਦੀ ਭੇਟ ਚੜ੍ਹ ਰਹੀਆਂ ਹਨ | ਕਮੇਟੀ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਮਲੋਟ ਨੂੰ ਸਖ਼ਤ ਲਫ਼ਜ਼ਾਂ ਵਿਚ ਅਪੀਲ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੇ ਸੁੰਦਰੀਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਚੌਂਕ ਨੇੜੇ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੱਕੇ ਸੁਰੱਖਿਆ ਪ੍ਰਬੰਧ ਕੀਤੇ ਜਾਣ | ਇਸ ਮੌਕੇ ਜਗਜੀਤ ਸਿੰਘ ਔਲਖ, ਸਰਪ੍ਰਸਤ ਡਾ. ਸੁਖਦੇਵ ਸਿੰਘ ਗਿੱਲ, ਸਰੂਪ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਵਾਲੀਆ, ਅਵਤਾਰ ਸਿੰਘ ਬਰਾੜ, ਸੰਦੀਪ ਕੁਮਾਰ, ਹਰਜੀਤ ਸਿੰਘ, ਮਾਸਟਰ ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਬਾਠ, ਹਰਮੰਦਰ ਸਿੰਘ ਹਰੀ ਸਮੇਤ ਹੋਰ ਕਈ ਮੈਂਬਰ ਮੌਜੂਦ ਸਨ | ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਚੌਂਕ ਦੀ ਹਾਲਤ ਵਿਚ ਸੁਧਾਰ ਨਾ ਆਇਆ, ਤਾਂ ਸੰਘਰਸ਼ ਦਾ ਰਾਹ ਵੀ ਅਪਣਾਇਆ ਜਾ ਸਕਦਾ ਹੈ |