ਸ੍ਰੀ ਮੁਕਤਸਰ ਸਾਹਿਬ, 28 ਜਨਵਰੀ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ | ਸਿਵਲ ਸਰਜਨ ਡਾ. ਸੁਨੀਲ ਬਾਂਸਲ ਵਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਬਣ ਰਹੇ ਕਾਰਡਾਂ ਦਾ ਜਾਇਜ਼ਾ ਲਿਆ ਗਿਆ ਅਤੇ ਸੰਬੰਧਿਤ ਸਟਾਫ਼ ਨੂੰ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਏ ਜਾਣ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦਾ ਇਤਿਹਾਸਕ ਉਪਰਾਲਾ ਹੈ, ਜਿਸ ਨਾਲ ਹਰੇਕ ਪਰਿਵਾਰ ਨੂੰ ਸਿਹਤ ਪੱਖੋਂ ਬਿਨਾਂ ਕਿਸੇ ਸ਼ਰਤ ਇਲਾਜ ਮਿਲੇਗਾ | ਜੇਕਰ ਕਿਸੇ ਨੂੰ ਸਿਹਤ ਪੱਖੋਂ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਹ ਯੋਜਨਾ ਉਸ ਦੇ ਲਈ ਲਾਹੇਵੰਦ ਸਾਬਿਤ ਹੋਵੇਗੀ | ਮਰੀਜ਼ਾਂ ਨੂੰ ਆਰਥਿਕ ਤੌਰ 'ਤੇ ਮੁਸ਼ਕਿਲ ਨਹੀਂ ਆਵੇਗੀ ਅਤੇ 10 ਲੱਖ ਦਾ ਕੈਸ਼ਲੈਸ ਇਲਾਜ ਮਿਲੇਗਾ | ਉਨ੍ਹਾਂ ਦੱਸਿਆ ਕਿ ਇਸ ਅਧੀਨ ਪੂਰਾ ਪਰਿਵਾਰ ਕਵਰ ਕੀਤਾ ਜਾਵੇਗਾ ਅਤੇ ਰਾਜ ਦੇ ਸਮੂਹ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਸ਼ਾਮਿਲ ਕੀਤੇ ਗਏ ਹਨ, ਤਾਂ ਜੋ ਮਰੀਜ਼ਾਂ ਨੂੰ ਕੋਈ ਖ਼ੱਜਲ-ਖ਼ੁਆਰੀ ਨਾ ਝੱਲਣੀ ਪਵੇ | ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਾਰਡ ਸਿਵਲ ਹਸਪਤਾਲਾਂ ਅਤੇ ਵੱਖ-ਵੱਖ ਥਾਂ 'ਤੇ ਬਣੇ ਕਾਮਨ ਸਰਵਿਸ ਸੈਂਟਰਾਂ ਵਿਚ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ | ਇਸ ਮੌਕੇ ਡਾ. ਰਾਜੀਵ ਸੱਚਦੇਵਾ ਸੀਨੀਅਰ ਮੈਡੀਕਲ ਅਫ਼ਸਰ, ਡਾ. ਦੁਪਿੰਦਰ ਡੀ.ਐੱਮ.ਸੀ., ਨਰਸਿੰਗ ਸਿਸਟਰ ਅਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾ ਸਟਾਫ਼ ਹਾਜ਼ਰ ਸੀ |