ਗਿੱਦੜਬਾਹਾ, 27 ਫ਼ਰਵਰੀ (ਬਰਾੜ)-ਭਾਕਿਯੂ ਏਕਤਾ (ਸਿੱਧੂਪੁਰ) ਦੇ ਬਲਾਕ ਗਿੱਦੜਬਾਹਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਠਾਣਾ ਸਿੰਘ ਦੀ ਅਗਵਾਈ ਵਿਚ ਅੱਜ ਗਿੱਦੜਬਾਹਾ-ਬਠਿੰਡਾ ਮਾਰਗ 'ਤੇ ਲੱਗੇ ਟੋਲ ਪਲਾਜੇ ਨੂੰ ਮੁਫ਼ਤ ਕਰ ਦਿੱਤਾ ਗਿਆ ਹੈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀਤੇ 16 ਮਹੀਨਿਆਂ ਤੋਂ ਸਮਾਣਾ ਵਿਖੇ ਇਕ ਸਿੰਘ ਟਾਵਰ 'ਤੇ ਇਸ ਲਈ ਬੈਠਾ ਹੈ ਕਿ ਸੂਬਾ ਸਰਕਾਰ ਵਲੋਂ ਹੋ ਰਹੀਆਂ ਧਾਰਮਿਕ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਜੁੰ ਨਹੀਂ ਸਰਕ ਰਹੀ | ਬਲਾਕ ਪ੍ਰਧਾਨ ਠਾਣਾ ਸਿੰਘ ਨੇ ਕਿਹਾ ਲੰਮੇ ਸਮੇਂ ਤੋਂ ਲਗਾਤਾਰ ਧਾਰਮਿਕ ਬੇਅਦਬੀਆਂ ਦਾ ਸਿਲਸਿਲਾ ਜਾਰੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅੱਜ ਸੂਬੇ ਭਰ ਵਿਚ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਸੰਕੇਤਕ ਟੋਲ ਪਲਾਜਿਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਆਮ ਲੋਕ ਨੂੰ ਟੋਲ ਮੁਕਤ ਕਰ ਦਿੱਤਾ ਗਿਆ ਹੈ | ਜੇਕਰ ਸਰਕਾਰ ਵਲੋਂ ਆਉਣ ਵਾਲੇ ਦਿਨਾਂ ਵਿਚ ਕੋਈ ਕਾਨੂੰਨ ਨਾ ਬਣਾਇਆ ਗਿਆ ਤਾਂ ਟੋਲ ਪਲਾਜੇ ਪੂਰੀ ਤਰ੍ਹਾਂ ਮੁਕਤ ਕਰ ਦਿੱਤੇ ਜਾਣਗੇ | ਇਸ ਮੌਕੇ ਜਸਵੰਤ ਸਿੰਘ ਝੁੰਬਾ, ਗੁਰਜਿੰਦਰ ਸਿੰਘ, ਅਰਮੇਰ ਸਿੰਘ, ਕੇਵਲ ਸਿੰਘ, ਗੁਰਤੇਜ ਸਿੰਘ, ਬੱਗਾ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਛਿੰਦਰ ਸਿੰਘ, ਧਰਮਪਾਲ ਸਿੰਘ ਸ਼ਰਮਾ, ਅੰਮਿ੍ਤਪਾਲ ਸਿੰਘ, ਜਲੌਰ ਸਿੰਘ, ਤਰਸੇਮ ਸਿੰਘ, ਗਗਨਦੀਪ ਸਿੰਘ, ਇਕਬਾਲ ਸਿੰਘ, ਅੰਗਰੇਜ਼ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ ਆਦਿ ਆਗੂ ਹਾਜ਼ਰ ਸੀ |