ਲੰਬੀ, 27 ਫ਼ਰਵਰੀ (ਮੇਵਾ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਨੈਸ਼ਨਲ ਹਾਈਵੇਅ ਨੰਬਰ 9 'ਤੇ ਅਬੁੱਲਖੁਰਾਣਾ ਤੇ ਮਾਹੁੂਆਣਾ ਪਿੰਡਾਂ ਦੇ ਵਿਚਕਾਰ ਪੈਂਦੇ ਟੋਲ ਪਲਾਜ਼ਾ ਨੂੰ ਇਥੋਂ ਲੰਘਣ ਵਾਲੇ ਵਾਹਨਾਂ ਲਈ ਦੁਪਹਿਰ 12 ਵਜੇ ਤੋਂ ਮੁਫ਼ਤ ਕੀਤਾ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਹਰਭਗਵਾਨ ਸਿੰਘ ਨੇ ਅੱਜ ਦਾ ਧਰਨਾ ਲਾਉਣ ਸੰਬੰਧੀ ਦੱਸਿਆ ਕਿ ਜਥੇਬੰਦੀ ਦੇ ਆਗੂ ਗੁਰਜੀਤ ਸਿੰਘ ਸਾਬਕਾ ਫ਼ੌਜੀ ਪਿਛਲੇ ਕਰੀਬ ਸਾਢੇ 16 ਮਹੀਨਿਆਂ ਤੋਂ ਸਮਾਣਾ ਵਿਖੇ ਇਸ ਲਈ ਟਾਵਰ 'ਤੇ ਚੜ੍ਹੇ ਬੈਠੇ ਹਨ ਕਿ ਪੰਜਾਬ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਇਕ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਕੀਤਾ | ਸਰਕਾਰ ਦੀ ਇਸ ਵਾਅਦਾਿਖ਼ਲਾਫ਼ੀ ਵਿਰੁੱਧ ਸਾਰੇ ਪੰਜਾਬ ਵਿਚੋਂ ਕਿਸਾਨ ਜਥੇਬੰਦੀਆਂ ਟਰੈਕਟਰਾਂ-ਟਰਾਲੀਆਂ ਤੇ ਆਪਣੇ ਹੋਰ ਵਾਹਨਾਂ ਰਾਹੀਂ ਸਮਾਣਾ ਵਿਖੇ ਟਾਵਰ ਮੋਰਚੇ 'ਚ ਪਹੁੰਚ ਰਹੇ ਸਨ, ਜਿਨ੍ਹਾਂ 'ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਲੋਕਾਂ ਨੂੰ ਟਾਵਰ ਮੋਰਚੇ ਵਿਚ ਪਹੁੰਚਣ ਤੋਂ ਰੋਕਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਵਾਹਨਾਂ ਸਮੇਤ ਫ਼ੜ ਕੇ ਪੁਲਿਸ ਥਾਣਿਆਂ 'ਚ ਡੱਕਿਆ ਜਾ ਰਿਹਾ ਹੈ | ਇਸ ਲਈ ਕਿਸਾਨ ਆਗੂ ਕਾਕਾ ਸਿੰਘ ਕੋਟਲਾ ਨੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਬਿਆਨ ਜਾਰੀ ਕਰਕੇ ਕਿਹਾ ਸੀ ਕਿ 27 ਫ਼ਰਵਰੀ ਨੂੰ ਜਥੇਬੰਦੀ ਸਾਰੇ ਪੰਜਾਬ 'ਚ ਟੋਲ ਪਲਾਜ਼ਾ ਆਉਣ-ਜਾਣ ਵਾਲੇ ਵਾਹਨਾਂ ਲਈ ਫ਼੍ਰੀ ਕਰਵਾਏਗੀ, ਜਿਸ ਤਹਿਤ ਹੀ ਇਹ ਧਰਨਾ ਦਿੱਤਾ ਜਾ ਰਿਹਾ ਹੈ | ਹਰਭਗਵਾਨ ਸਿੰਘ ਨੇ ਕਿਹਾ ਕਿ ਇਹ ਧਰਨੇ ਉਨ੍ਹਾਂ ਚਿਰ ਜਾਰੀ ਰਹਿਣਗੇ, ਜਦੋਂ ਤੱਕ ਵਿਧਾਨ ਸਭਾ ਦੀ ਕਮੇਟੀ ਟਾਵਰ ਮੋਰਚਾ ਕਮੇਟੀ ਨਾਲ ਆ ਕੇ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਬਣਾਉਣ ਬਾਰੇ ਕੋਈ ਠੋਸ ਜਵਾਬ ਨਹੀਂ ਦਿੰਦੀ | ਇਸ ਮੌਕੇ ਬਲਜੀਤ ਸਿੰਘ ਜ਼ਿਲ੍ਹਾ ਆਗੂ, ਲਖਵੀਰ ਸਿੰਘ, ਮਨਿੰਦਰ ਸਿੰਘ ਲੰਬੀ, ਜਗਮੀਤ ਸਿੰਘ ਆਦਿ ਮੌਜੂਦ ਸਨ |