ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ 'ਡਾਇਲ-112' ਪ੍ਰੋਜੈਕਟ ਨੂੰ ਜ਼ਮੀਨੀ ਪੱਧਰ 'ਤੇ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ | ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਸੂਬੇ 'ਚ 508 ਨਵੀਆਂ 112 ਈ.ਆਰ.ਵੀ. ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ | ਇਸੇ ਕੜੀ 'ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ 14 ਨਵੀਆਂ ਹਾਈਟੈਕ ਈ.ਆਰ.ਵੀ. ਗੱਡੀਆਂ ਪ੍ਰਾਪਤ ਹੋਈਆਂ ਹਨ, ਜਿਸ ਨਾਲ ਜ਼ਿਲ੍ਹੇ ਦੀ ਪੁਲਿਸਿੰਗ ਸਮਰੱਥਾ 'ਚ ਵੱਡਾ ਵਾਧਾ ਹੋਇਆ ਹੈ | ਐੱਸ.ਐੱਸ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਪਹਿਲਾਂ ਜ਼ਿਲ੍ਹੇ 'ਚ 112 ਐਮਰਜੈਂਸੀ ਰਿਸਪਾਂਸ ਵਾਹਨ ਦੇ 4 ਵਾਹਨ ਕੰਮ ਕਰ ਰਹੇ ਸਨ, ਜਦਕਿ ਹੁਣ ਕੁੱਲ ਗਿਣਤੀ 18 ਹੋ ਗਈ ਹੈ | ਇਸ ਵਾਧੇ ਨਾਲ ਹਰ ਇਲਾਕੇ 'ਚ ਗਸ਼ਤ ਵਧੇਗੀ | ਇਹ ਵਾਹਨ ਸ਼ਹਿਰੀ ਇਲਾਕਿਆਂ ਤੋਂ ਲੈ ਕੇ ਦੂਰ-ਦਰਾਜ ਪਿੰਡਾਂ ਤੱਕ ਹਰ ਥਾਂ ਸੁਰੱਖਿਆ ਦੀ ਨਵੀਂ ਲਾਈਨ ਤਿਆਰ ਕਰਨਗੇ | ਇਸ ਨਾਲ 112 'ਤੇ ਸ਼ਿਕਾਇਤ ਕਰਨ ਵਾਲੇ ਹਰ ਨਾਗਰਿਕ ਤੁਰੰਤ ਹੁੰਗਾਰਾ ਮਿਲੇਗਾ | ਨਵੀਆਂ 112 ਈ.ਆਰ.ਵੀ. ਗੱਡੀਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਹੁਣ ਪੁਲਿਸ ਦਾ ਰਿਸਪਾਂਸ ਟਾਈਮ ਘੱਟ ਕੇ ਲਗਭਗ 10-12 ਮਿੰਟ ਰਹਿ ਗਿਆ ਹੈ | ਇਹ ਗੱਡੀਆਂ ਇਸ ਤਰ੍ਹਾਂ ਸਟਰੈਟਜਿਕ ਤੌਰ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਕਿ ਹਰ ਕਾਲ 'ਤੇ ਸਭ ਤੋਂ ਨੇੜਲੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਸਕੇ | ਕੰਟਰੌਲ ਰੂਮ ਵਿਚ ਕਾਲ ਆਉਂਦੇ ਹੀ ਕੰਟਰੋਲ ਰੂਮ ਮੁਲਾਜ਼ਮਾਂ ਵਲੋਂ ਨੇੜਲੇ ਈ.ਆਰ.ਵੀ. ਵਾਹਨ ਨੂੰ ਲੋਕੇਟ ਕਰਦਾ ਹੈ ਤੇ ਤੁਰੰਤ ਡਿਊਟੀ 'ਤੇ ਲਗਾ ਦਿੰਦਾ ਹੈ | ਜੀ.ਪੀ.ਐੱਸ. ਟੈਕਨਾਲੋਜੀ ਦੀ ਮਦਦ ਨਾਲ ਵਾਹਨਾਂ ਦੀ ਲਾਈਵ ਟਰੈਕਿੰਗ ਕੀਤੀ ਜਾਂਦੀ ਹੈ, ਜਿਸ ਨਾਲ ਕੋਈ ਵੀ ਦੇਰੀ ਨਹੀਂ ਹੁੰਦੀ | ਇਸ ਪ੍ਰਣਾਲੀ ਨਾਲ ਐਮਰਜੈਂਸੀ ਸਥਿਤੀਆਂ ਜਿਵੇਂ ਕਿ ਹਾਦਸੇ, ਲੜਾਈ-ਝਗੜੇ, ਚੋਰੀ ਜਾਂ ਹੋਰ ਗੰਭੀਰ ਘਟਨਾਵਾਂ ਵਿਚ ਤੁਰੰਤ ਕਾਰਵਾਈ ਸੰਭਵ ਬਣੀ ਹੈ | ਇਸ ਦੇ ਨਾਲ ਨਾਲ ਇਹ ਗੱਡੀਆਂ 24 ਘੰਟੇ ਗਸ਼ਤ ਕਰਨਗੀਆਂ, ਜਿਸ ਨਾਲ ਪਹਿਲਾਂ ਹੀ ਸੰਵੇਦਨਸ਼ੀਲ ਇਲਾਕਿਆਂ 'ਚ ਨਿਗਰਾਨੀ ਬਣੀ ਰਹੇਗੀ | ਇਹ ਪ੍ਰਣਾਲੀ ਪਿੰਡਾਂ ਤੇ ਸ਼ਹਿਰਾਂ ਦੋਵਾਂ 'ਚ ਬਰਾਬਰ ਤੌਰ 'ਤੇ ਲਾਗੂ ਹੈ, ਜਿਸ ਨਾਲ ਹਰ ਨਾਗਰਿਕ ਨੂੰ ਇਕਸਾਰ ਸੁਰੱਖਿਆ ਮਿਲਦੀ ਹੈ | ਇਹ ਈ.ਆਰ.ਵੀ. ਗੱਡੀਆਂ ਨਵੀਨਤਮ ਤਕਨੀਕ ਨਾਲ ਲੈਸ ਹਨ, ਜਿਨ੍ਹਾਂ 'ਚ ਜੀ.ਪੀ.ਐੱਸ. ਸਿਸਟਮ, ਵਾਇਰਲੈਸ ਕਮਿਊਨੀਕੇਸ਼ਨ ਤੇ ਲਾਈਵ ਟਰੈਕਿੰਗ ਦੀ ਸੁਵਿਧਾ ਹੈ | ਇਹ ਸਾਰੀਆਂ ਗੱਡੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਕੰਟਰੋਲ ਰੂਮ ਨਾਲ ਸਿੱਧੀ ਜੁੜੀਆਂ ਹੋਈਆਂ ਹਨ, ਜਿਸ ਨਾਲ ਹਰੇਕ ਹਰਕਤ 'ਤੇ ਨਿਗਰਾਨੀ ਰੱਖੀ ਜਾਂਦੀ ਹੈ | ਇਹ ਗੱਡੀਆਂ ਇਕ ਮਿੰਨੀ ਕੰਟਰੋਲ ਰੂਮ ਵਾਂਗ ਕੰਮ ਕਰਨਗੀਆ, ਜਿੱਥੇ ਮੌਕੇ 'ਤੇ ਹੀ ਫ਼ੈਸਲੇ ਲੈ ਕੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ | ਐੱਸ.ਐੱਸ.ਪੀ. ਵਲੋਂ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ, ਐੱਸ.ਐੱਚ.ਓਜ਼. ਤੇ ਚੌਂਕੀ ਇੰਚਾਰਜਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 112 'ਤੇ ਆਉਣ ਵਾਲੀ ਹਰ ਸ਼ਿਕਾਇਤ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਜਾਵੇ | ਇਨ੍ਹਾਂ ਈ. ਆਰ. ਵੀ. ਗੱਡੀਆਂ ਦੀ ਮਦਦ ਨਾਲ ਸੰਵੇਦਨਸ਼ੀਲ ਇਲਾਕਿਆਂ 'ਚ ਗਸ਼ਤ ਵਧਾਈ ਜਾਵੇਗੀ, ਜਿਸ ਨਾਲ ਚੇਨ ਸਨੇਚਿੰਗ, ਚੋਰੀਆਂ ਤੇ ਹੋਰ ਅਪਰਾਧਾਂ 'ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ | ਪੁਲਿਸ ਦੀ ਮੌਜੂਦਗੀ ਵਧਣ ਨਾਲ ਅਪਰਾਧੀਆਂ 'ਚ ਡਰ ਪੈਦਾ ਹੋਵੇਗਾ ਤੇ ਲੋਕਾਂ 'ਚ ਸੁਰੱਖਿਆ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ |