ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੁਪਰੀਮ ਕੋਰਟ ਦੇ ਗੈਰ ਕੁਦਰਤੀ ਤੌਰ 'ਤੇ ਦਿੱਤੇ ਅਧਿਆਪਕ ਵਿਰੋਧੀ ਫ਼ੈਸਲੇ ਖ਼ਿਲਾਫ਼ ਲਗਾਤਾਰ ਚੱਲ ਰਹੇ ਸੰਘਰਸ਼ ਦੌਰਾਨ ਸਿੱਖਿਆ ਮੰਤਰੀ ਪੰਜਾਬ ਵਲੋਂ ਜਥੇਬੰਦੀਆਂ ਨਾਲ ਮੀਟਿੰਗਾਂ ਵਿਚ ਕੀਤੇ ਗਏ ਵਾਅਦਿਆਂ ਦੇ ਉਲਟ ਟੀ.ਈ.ਟੀ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਰਿਵਿਊ ਪਟੀਸ਼ਨ ਨਾ ਪਾ ਕੇ ਤੇ ਵਿਧਾਨ ਸਭਾ ਵਿਚ ਅਧਿਆਪਕਾਂ ਦੇ ਹੱਕ ਵਿਚ ਬਿੱਲ ਪਾਸ ਨਾ ਕਰਕੇ ਵਾਅਦਾਿਖ਼ਲਾਫ਼ੀ ਕੀਤੀ ਗਈ ਹੈ | ਇਸ ਖ਼ਿਲਾਫ਼ ਸਮੁੱਚੇ ਅਧਿਆਪਕ ਵਰਗ 'ਚ ਵਿਆਪਕ ਪੱਧਰ 'ਤੇ ਗ਼ੁੱਸੇ ਦੀ ਲਹਿਰ ਹੈ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਸੂਬਾ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਅਧਿਆਪਕ ਜਥੇਬੰਦੀਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ 'ਚ ਕੀਤੇ ਵਾਅਦਿਆਂ ਦੇ ਉਲਟ ਅਧਿਆਪਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ | ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ, ਮੀਤ ਪ੍ਰਧਾਨ ਪਰਮਿੰਦਰ ਸਿੰਘ ਖੋਖਰ ਤੇ ਜ਼ਿਲ੍ਹਾ ਵਿੱਤ ਸਕੱਤਰ ਨੀਰਜ ਬਜਾਜ ਨੇ ਦੱਸਿਆ ਕਿ ਵਿਭਾਗ ਦੀ ਅਫ਼ਸਰਸ਼ਾਹੀ ਤੇ ਸੂਬਾ ਸਰਕਾਰ ਦੀ ਨੀਤ ਅਤੇ ਨੀਤੀ ਜੱਗ-ਜ਼ਾਹਿਰ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਉਪਰ ਇਕ ਵਾਰ ਫ਼ਿਰ ਜ਼ਬਰੀ ਵਿਭਾਗੀ ਟੈੱਟ ਟੈੱਸਟ ਥੋਪਿਆ ਜਾ ਰਿਹਾ ਹੈ | ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਅਰਥੀ ਫ਼ੂਕ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਿਲ ਹੋਣਗੇ | ਅਧਿਆਪਕ ਆਗੂਆਂ ਨੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਨ ਦਾ ਅਹਿਦ ਲਿਆ | ਇਸ ਸਮੇਂ ਗੁਰਵਰਿਆਮ ਸਿੰਘ ਸਰਾਵਾਂ, ਕੁਲਦੀਪ ਸ਼ਰਮਾ ਖੁੱਡੀਆਂ, ਗੁਰਪ੍ਰੀਤ ਸਿੰਘ ਲੰਬੀ, ਕੁਲਵਿੰਦਰ ਸਿੰਘ ਗੁਲਾਬੇਵਾਲਾ, ਚਰਨਜੀਤ ਸਿੰਘ ਅਟਵਾਲ, ਰਵੀ ਸ਼ਰਮਾ, ਰਵਿੰਦਰ ਸਿੰਘ ਰਵੀ, ਸੁਖਜੀਤ ਸਿੰਘ ਥਾਂਦੇਵਾਲਾ, ਵਰਿੰਦਰਜੀਤ ਬਿੱਟਾ ਆਦਿ ਹਾਜ਼ਰ ਸਨ |