ਫ਼ਰੀਦਕੋਟ, 8 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਵਿਖੇ ਸਾਹਿਬ-ਏ-ਕਮਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਮੌਕੇ ਭਾਵਪੂਰਨ ਸੰਗੀਤਕ ਸਮਾਗਮ (ਚੰਗਾ ਸਮਾਜਿਕ ਸੰਗੀਤ) ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਸੁਰ ਆਂਗਨ ਸੁਸਾਇਟੀ ਦੇ ਸੁਰੀਲੇ ਫ਼ਨਕਾਰਾਂ ਨਾਲ ਰੂਬਰੂ ਹੋਣ ਦਾ ਵਿਲੱਖਣ ਮੌਕਾ ਪ੍ਰਾਪਤ ਹੋਇਆ | 'ਤੂੰ ਜਗਾ ਦੇ ਮੋਮਬੱਤੀਆਂ' ਦੇ ਸੰਦੇਸ਼ ਨਾਲ ਰੰਗਿਆ ਇਹ ਸੰਗੀਤਕ ਸਮਾਗਮ ਵਿਦਿਆਰਥੀਆਂ ਦੇ ਅੰਦਰ ਲੁਕੇ ਅਧਿਆਤਮਿਕ ਤੇ ਸੱਭਿਆਚਾਰਕ ਮੁੱਲਾਂ ਨੂੰ ਜਗਾਉਣ ਵਿਚ ਮੀਲ ਪੱਥਰ ਸਾਬਤ ਹੋਇਆ | ਸਮਾਗਮ ਦਾ ਸ਼ੁਭ ਆਰੰਭ ਪੰਡਿਤ ਚੇਤਨ ਦੇਵ ਗੌਰਮਿੰਟ ਕਾਲਜ ਆਫ ਐਜੁਕੇਸ਼ਨ ਦੇ ਪਿ੍ੰਸੀਪਲ ਪ੍ਰੋ. ਡਾ. ਰਜੇਸ਼ ਮੋਹਨ ਨੇ ਵਿਦਿਆਰਥੀਆਂ ਸਮੇਤ ਪਵਿੱਤਰ ਸ਼ਲੋਕਾਂ ਦੀ ਪੇਸ਼ਕਾਰੀ ਨਾਲ ਕੀਤਾ | ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਜਸਦੀਪ ਸਿੰਘ ਨੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦਾ ਗੀਤ 'ਗੁਰਮੁਖੀ ਦਾ ਬੇਟਾ' ਗਾ ਕੇ ਸਾਰਿਆਂ ਦਾ ਮਨ ਮੋਹ ਲਿਆ | ਸੰਗੀਤ ਅਧਿਆਪਕਾ ਕਿਰਨਦੀਪ ਕੌਰ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਨੇ ਆਪਣੇ ਲੋਕ ਗੀਤਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਦੀ ਪਹਿਚਾਣ ਕਰਵਾਈ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਰੁਪਿੰਦਰਜੀਤ ਕੌਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ | ਸਕੂਲ ਪਿ੍ੰਸੀਪਲ ਡਾ. ਐਸ.ਐਸ. ਬਰਾੜ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਕੁਝ ਚੁਣੇ ਹੋਏ ਕਲਾਕਾਰ ਹੀ ਆਪਣੀ ਸਾਫ਼-ਸੁਥਰੀ ਲਿਖਤ ਅਤੇ ਗਾਇਕੀ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਦੇ ਰਹੇ ਹਨ |