ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਸਰਕਲ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਬਲਜੀਤ ਸਿੰਘ ਮੋਦਲਾ, ਬਸੰਤ ਸਿੰਘ, ਬਲਜੀਤ ਸਿੰਘ ਕਿ੍ਪਾਲਕੇ, ਮਨਿੰਦਰ ਸਿੰਘ ਤੇ ਦਿਲਬਾਗ ਸਿੰਘ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਹੇਠ ਹੋਈ | ਰਜਨੀਸ਼ ਮੱਕੜ ਨੇ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ | ਉਸ ਰਿਪੋਰਟ 'ਤੇ ਸਬ ਡਵੀਜ਼ਨ ਤੇ ਡਵੀਜ਼ਨ ਦੇ ਡੈਲੀਗੇਟ ਸਾਥੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਸਾਰੇ ਸਾਥੀਆਂ ਨੇ ਸੁਝਾਵਾਂ ਤੇ ਦਿੱਤੇ ਗਏ ਵਾਅਦਿਆਂ ਨੂੰ ਠੀਕ ਮੰਨਦੇ ਹੋਏ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ | ਇਸ ਤੋਂ ਬਾਅਦ ਬਲਜੀਤ ਸਿੰਘ ਕਿ੍ਪਾਲਕੇ ਨੇ ਪੁਰਾਣੀ ਕਮੇਟੀ ਭੰਗ ਕੀਤੀ ਤੇ ਨਵੀਂ ਕਮੇਟੀ ਚੁਣਨ ਲਈ ਰਾਹ ਪੱਧਰਾ ਕੀਤਾ | ਇਸ ਮੌਕੇ ਹੋਈ ਚੋਣ 'ਚ ਸਰਕਲ ਪ੍ਰਧਾਨ ਰਜਨੀਸ਼ ਮੱਕੜ, ਸਰਕਲ ਸਕੱਤਰ ਮਨਿੰਦਰ ਸਿੰਘ, ਖ਼ਜ਼ਾਨਚੀ ਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਿਟੀ ਸਬ-ਡਵੀਜ਼ਨ, ਮੀਤ ਪ੍ਰਧਾਨ ਮਨਜੀਤ ਸਿੰਘ, ਮੀਤ ਪ੍ਰਧਾਨ ਬਲਜਿੰਦਰ ਸਿੰਘ ਰਾਜੂ, ਜੁਆਇੰਟ ਸਕੱਤਰ ਸਬੋਧ ਕੁਮਾਰ, ਆਡੀਟਰ ਗੁਰਮੇਲ ਸਿੰਘ, ਪ੍ਰੈੱਸ ਸਕੱਤਰ ਬਲਵਿੰਦਰ ਸਿੰਘ, ਜਥੇਬੰਦਕ ਸਕੱਤਰ ਮਲੋਟ ਤੋਂ ਚੁਣੇ ਗਏ | ਇਸ ਮੌਕੇ ਬਲਜੀਤ ਸਿੰਘ ਮੋਦਲਾ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ | ਉਨ੍ਹਾਂ ਪੰਜਾਬ ਸਰਕਾਰ ਤੇ ਬਿਜਲੀ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਵਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਨਿਖੇਧੀ ਕੀਤੀ |