ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ ਦੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਸਿੰਚਾਈਯੋਗ ਨਹੀਂ ਹੈ | ਖੇਤੀਬਾੜੀ ਨਹਿਰੀ ਪਾਣੀ 'ਤੇ ਨਿਰਭਰ ਹੈ, ਪਰ ਕਰੀਬ ਚਾਰ ਮਹੀਨਿਆਂ ਤੋਂ ਅਪਰ ਰੁਪਾਣਾ ਰਜਬਾਹਾ ਬੰਦ ਪਿਆ ਹੈ | ਕੁਝ ਦਿਨ ਪਹਿਲਾਂ ਜਦੋਂ ਇਸ ਰਜਬਾਹੇ ਵਿਚ ਪਾਣੀ ਛੱਡਿਆ ਸੀ ਤਾਂ ਦੋ ਵਾਰ ਟੁੱਟ ਚੁੱਕਿਆ ਹੈ | ਸਫ਼ਾਈ ਨਾ ਹੋਣ ਕਰਕੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੁੰਦੀ ਅਤੇ ਰਜਬਾਹਾ ਟੁੱਟ ਜਾਂਦਾ ਹੈ | ਉਸ ਤੋਂ ਬਾਅਦ ਫ਼ਿਰ ਰਜਬਾਹਾ ਨਹੀਂ ਚੱਲਿਆ ਅਤੇ ਕਈ ਦਿਨਾਂ ਦਾ ਬੰਦ ਹੀ ਪਿਆ ਹੈ | ਕਈ ਮਹੀਨਿਆਂ ਵਿਚ ਦੋ-ਤਿੰਨ ਵਾਰ ਹੀ ਪਾਣੀ ਆਇਆ ਅਤੇ ਉਸ ਸਮੇਂ ਵੀ ਸੂਏ ਦੇ ਟੁੱਟਣ ਕਰਕੇ ਬੰਦ ਕਰਨਾ ਪਿਆ | ਕਿਸਾਨਾਂ ਨੂੰ ਮੱਕੀ, ਪੱਠਿਆਂ ਸਮੇਤ ਪਨੀਰੀ ਆਦਿ ਨੂੰ ਲਾਉਣ ਲਈ ਨਹਿਰੀ ਪਾਣੀ ਦੀ ਸਖ਼ਤ ਲੋੜ ਹੈ | ਪਿੰਡ ਭੁੱਟੀਵਾਲਾ ਦੇ ਕਿਸਾਨਾਂ ਲਖਵਿੰਦਰ ਸਿੰਘ ਢਿੱਲੋਂ, ਪਰਮੀਤ ਸਿੰਘ, ਜਗਸੀਰ ਸਿੰਘ, ਸਿਕੰਦਰ ਸਿੰਘ, ਨਿਰਮਲ ਸਿੰਘ, ਗੁਰਦਰਸ਼ਨ ਸਿੰਘ ਸ਼ੰਮਾ ਬਰਾੜ ਅਤੇ ਕੁਲਵੰਤ ਸਿੰਘ ਨੇ ਆਪਣਾ ਦਰਦ 'ਅਜੀਤ' ਨਾਲ ਸਾਂਝਾ ਕਰਦਿਆਂ ਕਿਹਾ ਕਿ ਨਹਿਰੀ ਪਾਣੀ ਬੰਦ ਹੋਣ ਕਰਕੇ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਰਜਬਾਹਿਆਂ, ਕੱਸੀਆਂ ਵਿਚ 1 ਮਈ ਤੋਂ ਨਹਿਰੀ ਪਾਣੀ ਛੱਡ ਦਿੱਤਾ ਜਾਵੇਗਾ, ਪਰ ਅਜੇ ਤੱਕ ਨਹਿਰੀ ਪਾਣੀ ਨਾ ਮਿਲਣ ਕਰਕੇ ਕਿਸਾਨ ਪ੍ਰੇਸ਼ਾਨ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਪਰ ਰੁਪਾਣਾ ਰਜਬਾਹੇ ਵਿਚ ਪਾਣੀ ਛੱਡਿਆ ਜਾਵੇ, ਤਾਂ ਜੋ ਪਿੰਡ ਭੁੱਟੀਵਾਲਾ, ਖਿੜਕੀਆਂਵਾਲਾ, ਖੋਖਰ ਤੇ ਹਰੀਕੇ ਕਲਾਂ ਦੇ ਕਿਸਾਨ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਣ |