ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਵਾਰਡ ਨੰਬਰ 11 ਤੋਂ ਭਾਜਪਾ ਉਮੀਦਵਾਰ ਪਰਸੰਤਾ ਦੇਵੀ ਪਤਨੀ ਰਵਿੰਦਰ ਕਟਾਰੀਆ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦੇ ਹੱਕ ਵਿਚ ਚੋਣ ਜਲਸਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੰਗੇਵਾਲਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਜਿਤਾਇਆ ਜਾਵੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਤੇ ਕਾਂਗਰਸ ਫਿਕਸ ਮੈਚ ਖੇਡ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲੀ ਨਗਰ ਕੌਂਸਲ ਵੀ ਕਾਂਗਰਸ ਪਾਰਟੀ ਦੀ ਸੀ ਅਤੇ ਰੋਜੀ ਤੇ ਰਾਜੇ ਦੀ ਸਿਆਸੀ ਖੇਡ ਚੱਲਦੀ ਰਹੀ ਅਤੇ ਸ਼ਹਿਰ ਨੂੰ ਵਿਕਾਸ ਪੱਖੋਂ ਡੋਬ ਕੇ ਰੱਖ ਦਿੱਤਾ | ਮੌਜੂਦਾ ਸਰਕਾਰ ਦੂਜੇ ਪਾਸੇ ਬਹੁਮਤ ਹੋਣ ਕਰਕੇ ਬੇਵੱਸ ਰਹੀ | ਕਰੋੜਾਂ ਰੁਪਏ ਨਗਰ ਕੌਂਸਲ ਕੋਲ ਪਿਆ ਹੋਣ ਦੇ ਬਾਵਜੂਦ ਵੀ ਉਸ ਨੂੰ ਖ਼ਰਚਿਆਂ ਨਹੀਂ ਜਾ ਸਕਿਆ | ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਸ਼ਹਿਰ ਦੀ ਮੰਦੀ ਹਾਲਤ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ 2027 ਵਿਚ ਭਾਜਪਾ ਸਰਕਾਰ ਨੂੰ ਸੂਬੇ ਵਿਚ ਲਿਆਉਣ ਲਈ ਨਗਰ ਕੌਂਸਲ ਚੋਣਾਂ 'ਚ ਵੀ ਭਾਜਪਾ ਨੂੰ ਮਜਬੂਤ ਕਰਨ ਦੀ ਲੋੜ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰਡ ਤੋਂ ਮਾਤਾ ਪਰਸੰਤਾ ਦੇਵੀ ਨੂੰ ਕਮਲ ਦੇ ਫੁੱਲ 'ਤੇ ਮੋਹਰਾਂ ਲਾ ਕੇ ਜਤਾਇਆ ਜਾਵੇ | ਇਸ ਮੌਕੇ ਰਵਿੰਦਰ ਕਟਾਰੀਆ ਸਮੇਤ ਹੋਰ ਆਗੂ ਹਾਜ਼ਰ ਸਨ |