ਸ੍ਰੀ ਮੁਕਤਸਰ ਸਾਹਿਬ, 31 ਮਈ (ਹਰਮਹਿੰਦਰ ਪਾਲ)-ਖਾਲਸਾ ਸਕੂਲ ਤੋਂ ਚੱਕ ਬੀੜ ਸਰਕਾਰ ਵਿਚ ਦੀ ਹੋ ਕੇ ਮੁਕਤਸਰ ਸ਼ਹਿਰ ਨੂੰ ਡੀ.ਸੀ ਦਫ਼ਤਰ ਨਾਲ ਮਿਲਾਉਣ ਵਾਲੀ ਨਵੀਂ ਬਣੀ ਕੰਕਰੀਟ ਸੜਕ ਦੇ ਬਦਹਾਲ ਹੋਣ ਪਿੱਛੇ ਇਕ ਹੋਰ ਵੱਡੀ ਤਕਨੀਕੀ ਲਾਪ੍ਰਵਾਹੀ ਸਾਹਮਣੇ ਆਈ ਹੈ | ਨਿਰਮਾਣ ਦੌਰਾਨ ਸੜਕ ਨੂੰ ਫਟਣ ਤੋਂ ਬਚਾਉਣ ਲਈ ਜੋ ਸਭ ਤੋਂ ਜ਼ਰੂਰੀ ਤਕਨੀਕੀ ਪ੍ਰਕਿਰਿਆ ਹੁੰਦੀ ਹੈ, ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ | ਇਸ ਕਰਕੇ ਦੇ ਵਿਚ ਤ੍ਰੇੜਾਂ ਪੈ ਗਈਆਂ ਹਨ | ਹੁਣ ਸੜਕ ਉੱਪਰ ਕਟਿੰਗ ਮਸ਼ੀਨ ਨਾਲ ਸਿਰਫ਼ ਲਕੀਰਾਂ ਵਾਹ ਕੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਦੱਸਣਯੋਗ ਹੈ ਕਿ ਤਕਨੀਕੀ ਮਾਪਦੰਡਾਂ ਅਨੁਸਾਰ, ਜਦੋਂ ਵੀ ਕੰਕਰੀਟ ਦੀ ਸੜਕ ਬਣਾਈ ਜਾਂਦੀ ਹੈ, ਤਾਂ ਉਸ ਵਿਚ ਨਿਸ਼ਚਿਤ ਦੂਰੀ 'ਤੇ ਗੈਪ ਪਾਉਣ ਲਈ ਇਕ ਕੱਟ ਦੇਣਾ ਬੇਹੱਦ ਜ਼ਰੂਰੀ ਹੁੰਦਾ ਹੈ | ਜੇਕਰ ਇਹ ਕੱਟ ਨਾ ਦਿੱਤੇ ਜਾਣ, ਤਾਂ ਕੰਕਰੀਟ ਆਪਸ ਵਿਚ ਟਕਰਾ ਕੇ ਸੜਕ ਵਿਚਕਾਰੋਂ ਬਹੁਤ ਬੁਰੀ ਤਰ੍ਹਾਂ ਫਟ ਜਾਂਦਾ ਹੈ | ਇਸ ਸੜਕ ਵਿਚ ਵੀ ਇਹੀ ਹੋਇਆ ਕੱਟ ਨਾ ਦੇਣ ਕਰਕੇ ਸੜਕ ਦੋ ਮਹੀਨਿਆਂ ਵਿਚ ਹੀ ਥਾਂ-ਥਾਂ ਤੋਂ ਪਾਟ ਗਈ | ਹੁਣ ਮਸ਼ੀਨ ਨਾਲ ਲਕੀਰਾਂ ਵਾਹ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਤ੍ਰੇੜਾਂ ਨੂੰ ਲੁਕਾਉਣ ਲਈ ਪਾਇਆ ਕੈਮੀਕਲ ਵੀ ਕੰਮ ਨਹੀਂ ਆਇਆ ਕਿਉਂਕਿ ਹੇਠਲਾ ਬੇਸ ਖਰਾਬ ਹੈ | ਇਸੇ ਤਰ੍ਹਾਂ ਸੜਕ ਦੇ ਵਿਚਕਾਰ ਲੱਗੀਆਂ ਇੰਟਰਲਾਕਿੰਗ ਟਾਈਲਾਂ ਕਈ ਥਾਵਾਂ ਤੋਂ ਦੱਬ ਗਈਆਂ ਹਨ ਅਤੇ ਕਿਤੋਂ 2 ਇੰਚ ਉੱਚੀਆਂ ਹੋ ਕੇ ਖੱਡੇ ਬਣ ਚੁੱਕੇ ਹਨ | ਪਾਣੀ ਦੀ ਨਿਕਾਸੀ ਲਈ ਲਾਈਆਂ ਜਾਲੀਆਂ ਟੁੱਟ ਕੇ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ | ਦੋ ਪਹੀਆ ਵਾਹਨ ਚਾਲਕਾਂ ਲਈ ਭਾਰੀ ਮੁਸ਼ਕਲ ਬਣ ਗਈ ਹੈ | ਜਦੋਂ ਇਸ ਨਵੇਂ ਤਕਨੀਕੀ ਨੁਕਸ ਅਤੇ ਲਕੀਰਾਂ ਵਾਹ ਕੇ ਕੀਤੀ ਜਾ ਰਹੀ ਖਾਨਾਪੂਰਤੀ ਸਬੰਧੀ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮਸ਼ੀਨ ਕਟਿੰਗ ਦੀ ਇਸ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾਵੇਗੀ | ਜੇਕਰ ਕੰਮ ਮਿਆਰੀ ਨਾ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ | ਸ਼ਹਿਰ ਵਾਸੀਆਂ ਅਤੇ ਦੋ ਪਹੀਆ ਵਾਹਨ ਚਾਲਕਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਲੀਪਾਪੋਚੀ ਕਰਨ ਦੀ ਬਜਾਏ ਮਿਆਰੀ ਤਰੀਕੇ ਨਾਲ ਤਿਆਰ ਕਰਵਾਇਆ ਜਾਵੇ |