ਸ੍ਰੀ ਮੁਕਤਸਰ ਸਾਹਿਬ, 2 ਜੂਨ (ਹਰਮਹਿੰਦਰ ਪਾਲ)-ਪਰਾਲੀ ਸਾੜਣ ਸੰਬੰਧੀ ਦਰਜ ਕੀਤੇ ਮੁਕੱਦਮੇ ਰੱਦ ਕਰਨ, ਯੂਰੀਆ ਖ਼ਾਦ ਦੀ ਕੀਮਤ 'ਚ ਕੀਤਾ ਵਾਧਾ ਵਾਪਸ ਲੈਣ, ਈਾਧਣ ਦਾ ਵਾਧਾ ਰੱਦ ਕਰਨ, ਫ਼ਸਲੀ ਕਰਜ਼ਾ ਮੁਹੱਈਆ ਕਰਵਾਉਣ, ਸਾਰੀਆਂ ਫ਼ਸਲਾਂ 'ਤੇ ਐੱਮ.ਐੱਸ.ਪੀ. 'ਤੇ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਸਹਿਕਾਰੀ ਅਤੇ ਲੈਂਡ ਮਾਰਟਗੇਜ਼ ਬੈਂਕਾਂ ਵਿਚ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰਨ, ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਮੁੱਚੇ ਕਰਜ਼ੇ ਦਾ ਖ਼ਾਤਮਾ, 58 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਬੁਢਾਪਾ ਪੈਨਸ਼ਨ, ਸੇਮ ਨਾਲਿਆਂ ਦੀ ਸਫ਼ਾਈ ਅਤੇ 24 ਘੰਟੇ ਬਿਜਲੀ ਸਪਲਾਈ ਦੇਣ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਗੁਰਭਗਤ ਸਿੰਘ ਭਲਾਈਆਣਾ ਭਾਕਿਯੂ ਏਕਤਾ (ਉਗਰਾਹਾਂ), ਜਰਨੈਲ ਸਿੰਘ ਰੋੜਾਂਵਾਲੀ, ਗੋਬਿੰਦ ਸਿੰਘ ਕੋਟਲੀ, ਪੂਰਨ ਸਿੰਘ ਵੱਟੂ, ਜਸਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਜਗਸੀਰ ਸਿੰਘ, ਗੁਰਪਾਸ਼ ਸਿੰਘ, ਕਾਕਾ ਸਿੰਘ ਖੁੰਡੇ ਹਲਾਲ ਅਤੇ ਅਮਰਜੀਤ ਪਾਲ ਹੋਰਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਖੇਤੀ ਆਧਾਰਿਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ | ਇਸ ਲਈ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ | ਬਾਅਦ ਵਿਚ ਐੱਸ.ਡੀ.ਐੱਮ. ਗੁਰਕਿਰਨ ਸਿੰਘ ਨੇ ਧਰਨੇ ਵਿਚ ਆ ਕੇ ਕਿਸਾਨਾਂ ਕੋਲੋਂ ਮੰਗ ਪੱਤਰ ਲਿਆ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਹੋਣ ਵਾਲੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਸੰਬੰੰਧੀ ਸਰਕਾਰ ਨੂੰ ਜਾਣੂ ਕਵਰਾਉਣ ਦਾ ਭਰੋਸਾ ਦਿੱਤਾ |