ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੀਆਂ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਮੀਟਿੰਗ ਦੇ ਸ਼ੁਰੂ ਵਿਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਐਕਸਾਈਜ਼ ਐਂਡ ਟੈਕਸਟੇਸ਼ਨ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਸੁਰਿੰਦਰਜੀਤ, ਸੀਨੀਅਰ ਪੈਨਸ਼ਨਰ ਆਗੂ ਇੰਜੀ. ਅਸ਼ੋਕ ਕੁਮਾਰ ਭਾਰਤੀ ਦੇ ਜੀਜਾ ਝੰਡੂ ਰਾਮ ਕੋਟ ਈਸੇ ਖਾਂ, ਕਮਲਜੀਤ ਕੌਰ ਧਰਮਪਤਨੀ ਪ੍ਰੋ. ਦਰਸ਼ਨ ਸਿੰਘ ਰਾਹੀਂ, ਰਵਿੰਦਰ ਕੌਰ ਧਰਮਪਤਨੀ ਪ੍ਰਿੰ. ਬੇਅੰਤ ਸਿੰਘ ਅਤੇ ਕੌਰ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਮੋਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਜ਼ਿਲ੍ਹਾ ਜਨਰਲ ਸਕੱਤਰ ਤੇ ਲੰਮੇ ਸਮੇਂ ਤੋਂ ਮੁਲਾਜ਼ਮ ਹੱਕਾਂ ਲਈ ਸੰਘਰਸ਼ਸ਼ੀਲ ਬਲਵੰਤ ਸਿੰਘ ਅਟਵਾਲ ਨੇ ਸਟੇਜ ਦੀ ਕਾਰਵਾਈ ਚਲਾਈ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਲਈ ਪੰਜਾਬ ਸਰਕਾਰ ਵਿਰੁੱਧ ਗ਼ੁੱਸੇ ਦਾ ਪ੍ਰਗਟਾਵਾ ਕੀਤਾ। ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਆਪਣੀ ਹੋਂਦ ਵਿਚ ਆਉਣ ਤੋਂ ਬਾਅਦ ਹੀ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਅੱਖਾਂ ਮੀਟੀ ਬੈਠੀ ਹੈ। ਮੀਟਿੰਗ ਦੌਰਾਨ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਰਜਿੰਦਰ ਪਾਲ ਸਿੰਘ ਨੂੰ ਵਧਾਈ ਦਿੱਤੀ ਗਈ, ਜਦਕਿ ਪਿਛਲੇ ਦਿਨੀਂ ਸੇਵਾ ਮੁਕਤ ਹੋਏ ਜਿਲ੍ਹੇਦਾਰ ਰਵਿੰਦਰਪਾਲ ਸਿੰਘ ਚੌਂਤਰਾ ਜਥੇਬੰਦੀ ਦੇ ਨਵੇਂ ਮੈਂਬਰ ਬਣੇ ਅਤੇ ਉਨ੍ਹਾਂ ਦਾ ਵੀ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦੇ ਹੋਏ ਸ. ਅਟਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਗੁਰਟੇਕ ਸਿੰਘ ਬਰਾੜ, ਜਸਵੰਤ ਸਿੰਘ ਬਰਾੜ, ਹਰਦੇਵ ਸਿੰਘ, ਕਾਲਾ ਸਿੰਘ ਬੇਦੀ, ਬਰਨੇਕ ਸਿੰਘ, ਪਰਮਜੀਤ ਸਿੰਘ ਅਤੇ ਮਨਮੋਹਨ ਸਿੰਘ ਕਾਲੜਾ ਸਮੇਤ ਸਮੂਹ ਬੁਲਾਰਿਆਂ ਨੇ ਸਰਕਾਰ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੌ. ਬਲਬੀਰ ਸਿੰਘ, ਡਿਪਟੀ ਸੁੰਦਰ ਸਿੰਘ, ਸੁਖਬੰਸ ਸਿੰਘ ਚਹਿਲ, ਇੰਦਰ ਸਿੰਘ, ਚਿਮਨ ਲਾਲ ਸਿਡਾਨਾ ਅਤੇ ਪ੍ਰਿੰ. ਧਰਮ ਕਿੰਨਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਹੋਰ ਪੈਨਸ਼ਨਰ ਅਤੇ ਫ਼ੈਮਲੀ ਪੈਨਸ਼ਨਰ ਮੌਜੂਦ ਸਨ।