ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 2026 ਵਿਚ ਵਿਅਕਤੀਗਤ ਕੈਟਾਗਰੀ ’ਚ ਸੋਨ ਤਗ਼ਮਾ ਜਿੱਤਿਆ। ਜਾਣਕਾਰੀ ਅਨੁਸਾਰ ਪੰਜਾਬ ਰਾਈਫ਼ਲ ਐਸੋਸੀਏਸ਼ਨ ਵਲੋਂ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ (ਐੱਨ.ਆਰ.) 2026 ਵਿਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਅ ਰਹੇ ਪ੍ਰੋ. ਗੁਰਬਾਜ ਸਿੰਘ ਸੰਧੂ ਨੇ 50 ਮੀਟਰ ਪਿਸਟਲ ਮਾਸਟਰ ਮੈਨ ਐੱਨ.ਆਰ. ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਗਮ ਦੌਰਾਨ ਜੇਤੂ ਸਥਾਨ ਲਈ ਪ੍ਰੋ. ਸੰਧੂ ਨੇ ਸੋਨ ਤਗ਼ਮਾ ਪ੍ਰਾਪਤ ਕੀਤਾ ਅਤੇ ਸ਼ੂਟਿੰਗ ਕੋਚ ਦਲਜਿੰਦਰ ਸਿੰਘ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਨੌਰਥ ਇੰਡੀਆ ਲਈ ਦੇਹਰਾਦੂਨ ਵਿਖੇ ਕਰਵਾਈ ਜਾਣ ਵਾਲੀ 45ਵੀਂ ਨੌਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ 2026 (ਪਿਸਟਲ) ਈਵੈਂਟ ਐੱਨ.ਆਰ. ਵਿਚ ਪ੍ਰੋ. ਸੰਧੂ ਭਾਗ ਲੈਣਗੇ।