ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਬਜ਼ੁਰਗਾਂ ਦੀ ਸਹਾਇਤਾ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਐਲਡਰਲਾਈਨ-14567 ਹੈਲਪਲਾਈਨ ਚਲਾਈ ਜਾ ਰਹੀ ਹੈ। ਇਸ ਟੋਲ ਫਰੀ ਨੰਬਰ ’ਤੇ ਸੰਪਰਕ ਕਰਕੇ ਕੋਈ ਵੀ ਬਜ਼ੁਰਗ ਵਿਅਕਤੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ, ਪੈਨਸ਼ਨ, ਸਿਹਤ ਸੇਵਾਵਾਂ, ਬਿਰਧ ਆਸ਼ਰਮਾਂ ਅਤੇ ਹੋਰ ਉਪਲਬਧ ਸਹੂਲਤਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨੂੰ ਅਣਗਹਿਲੀ, ਦੁਰਵਿਵਹਾਰ, ਧੋਖਾਧੜੀ, ਪਰਿਵਾਰਕ ਵਿਵਾਦ ਜਾਂ ਕਿਸੇ ਹੋਰ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਉਹ ਵੀ ਐਲਡਰਲਾਈਨ-14567 ’ਤੇ ਸੰਪਰਕ ਕਰਕੇ ਲੋੜੀਂਦੀ ਸਲਾਹ, ਮਾਰਗ ਦਰਸ਼ਨ ਤੇ ਸਹਾਇਤਾ ਹਾਸਿਲ ਕਰ ਸਕਦਾ ਹੈ। ਹੈਲਪਲਾਈਨ ਰਾਹੀਂ ਸੰਬੰਧਿਤ ਵਿਭਾਗਾਂ ਅਤੇ ਏਜੰਸੀਆਂ ਨਾਲ ਤਾਲਮੇਲ ਕਰਕੇ ਬਜ਼ੁਰਗਾਂ ਨੂੰ ਸਮੇਂ ਸਿਰ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ’ਤੇ ਐਲਡਰਲਾਈਨ-14567 ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਹਰ ਬਜ਼ੁਰਗ ਨੂੰ ਸਮੇਂ ਸਿਰ ਸਹਾਇਤਾ, ਸੁਰੱਖਿਆ ਤੇ ਸਹੀ ਮਾਰਗ ਦਰਸ਼ਨ ਮਿਲ ਸਕੇ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਧਨ ਹਨ ਅਤੇ ਉਨ੍ਹਾਂ ਦਾ ਸਤਿਕਾਰ, ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।