ਬਠਿੰਡਾ, 15 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਆਸਟ੍ਰੇਲੀਆ ਵਿਚ ਸਥਾਪਿਤ ਐੱਨ.ਆਰ.ਆਈ. ਪੁਸ਼ਪਿੰਦਰ ਸਿੰਘ ਸ਼ਰਮਾ ਵਲੋਂ ਆਪਣੇ ਖੇਤਰ ਦੇ ਸਰਵਪੱਖੀ ਵਿਕਾਸ ਲਈ ਸ਼ੁਰੂ ਕੀਤੀ ‘ਬਿਯੋਂਡ ਪੰਜਾਬ’ ਪਹਿਲ ਤਹਿਤ ਬਠਿੰਡਾ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਕਰੀਬ ਉਦਯੋਗ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ‘ਤੇ 30 ਪ੍ਰਮੁੱਖ ਉਦਯੋਗਪਤੀਆਂ ਅਤੇ ਸਿੱਖਿਆਵਿਦਾਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਵਿਚ ਮਾਨਸਾ ਦੇ ਸਿੱਖਿਆਵਿਦ ਫੌਜਾ ਸਿੰਘ, ਬਠਿੰਡਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੈਂਪਸ ਡਾਇਰੈਕਟਰ ਅਤੇ ਡੀ.ਆਈ.ਸੀ.ਟੀ. ਦੇ ਸਾਬਕਾ ਵਾਈਸ ਚੇਅਰਮੈਨ ਐਮ.ਪੀ. ਪੁਨੀਆ, ਸੀ.ਆਈ.ਸੀ.ਯੂ. ਲੁਧਿਆਣਾ ਦੇ ਡਾਇਰੈਕਟਰ ਓਪਰੇਸ਼ਨਜ਼ ਅਤੇ ਜੁਆਇੰਟ ਸਕੱਤਰ ਡਾ. ਐਸ.ਬੀ. ਸਿੰਘ, ਐਡਵੋਕੇਟ ਅਤੇ ਡਾਇਰੈਕਟਰ ਸਪੈਕਟ੍ਰਮ ਸਟੱਡੀਜ਼ ਲੁਧਿਆਣਾ ਡਾ. ਅਮਰਜੀਤ ਕੌਰ ਅਤੇ ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਸਕੱਤਰ ਹਰਦੀਪ ਸਿੰਘ ਨੇ ਉਦਯੋਗ ਤੇ ਸਿੱਖਿਆ ਖੇਤਰ ਨਾਲ ਸਬੰਧਿਤ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਸਮਾਗਮ ਦੇ ਅੰਤ ਵਿਚ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੁਸ਼ਪਿੰਦਰ ਸਿੰਘ ਸ਼ਰਮਾ ਨੇ ਆਪਣੇ ਬਠਿੰਡਾ ਖੇਤਰ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਐਲਾਨ ਕੀਤਾ ਕਿ ਜਲਦੀ ਹੀ ‘ਬਿਯੋਂਡ ਪੰਜਾਬ’ ਨਾਮ ਹੇਠ ਇਕ ਵਿਸ਼ਾਲ ਲੋਕ ਅੰਦੋਲਨ ਬਠਿੰਡਾ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਦਾ ਉਦੇਸ਼ ਪਹਿਲਾਂ ਬਠਿੰਡਾ ਖੇਤਰ ਅਤੇ ਬਾਅਦ ਵਿਚ ਸਮੁੱਚੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਲੋਕਾਂ, ਉਦਯੋਗ ਅਤੇ ਸਿੱਖਿਆ ਸੰਸਥਾਵਾਂ ਨੂੰ ਇਸ ਸਾਂਝੇ ਮੰਚ ‘ਤੇ ਲਿਆਉਣਾ ਹੋਵੇਗਾ।