08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਕਿਯੂ ਏਕਤਾ (ਉਗਰਾਹਾਂ) ਵਲੋਂ ਜੇਤੂ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 28-07-2026
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਦਿੱਲੀ ’ਚ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਸੰਘਰਸ਼ ਉਪਰੰਤ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸਾਰੀਆਂ ਮੰਗਾਂ ਪ੍ਰਵਾਨ ਕਰਨ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਜੇਤੂ ਮਾਰਚ ਕੱਢਿਆ ਗਿਆ। ਇਸ ਨੂੰ ਲੋਕਾਂ ਦੇ ਸਾਂਝੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਗਿਆ। ਮੁਕਤੇ ਮੀਨਾਰ ਤੋਂ ਡੀ.ਸੀ. ਦਫ਼ਤਰ ਤੱਕ ਜੇਤੂ ਮਾਰਚ ਕੱਢਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਦਿੱਲੀ ’ਚ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਪ੍ਰਗਟ ਹੋਇਆ ਜ਼ੋਰਦਾਰ ਰੋਹ ਨੌਜਵਾਨਾਂ ਅੰਦਰ ਜਮ੍ਹਾਂ ਹੋ ਚੁੱਕੇ ਰੋਸ ਤੇ ਬੇਚੈਨੀ ਦਾ ਸਿੱਧਾ ਇਜ਼ਹਾਰ ਸੀ। ਪ੍ਰੀਖਿਆ ਪ੍ਰਣਾਲੀ ਦੇ ਘੁਟਾਲਿਆਂ ਤੋਂ ਲੈ ਕੇ ਅੰਤਾਂ ਦੀ ਮਹਿੰਗੀ ਸਿੱਖਿਆ ਤੇ ਮਗਰੋਂ ਬੇਰੁਜ਼ਗਾਰੀ ਦੇ ਸੰਤਾਪ ਹੰਢਾਉਂਦੇ ਨੌਜਵਾਨਾਂ ਦੀ ਪੀੜ੍ਹ ਸੁਣਨ ਦੀ ਬਜਾਏ ਮੋਦੀ ਸਰਕਾਰ ਇਸ ਆਵਾਜ਼ ਨੂੰ ਜ਼ਬਰ ਨਾਲ ਕੁਚਲਣ ਦਾ ਭਰਮ ਪਾਲ ਰਹੀ ਸੀ। ਵਿਦਿਆਰਥੀਆਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਗਿਆ ਸੀ। ਦਿੱਲੀ ਤੇ ਆਲੇ-ਦੁਆਲੇ ਦੇ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਤੇ ਘੜੀਸਿਆ ਗਿਆ। ਮੋਦੀ ਸਰਕਾਰ ਦਾ ਇਹ ਵਿਵਹਾਰ ਬਰਦਾਸ਼ਤ ਕਰਨ ਯੋਗ ਨਹੀਂ ਸੀ। ਸਰਕਾਰ ਦੇ ਇਸ ਜ਼ਬਰ ਖ਼ਿਲਾਫ਼ ਤੇ ਨੌਜਵਾਨਾਂ ਦੀ ਹੱਕੀ ਆਵਾਜ਼ ਦੇ ਸਮਰਥਨ ਵਿਚ ਜਿੱਥੇ ਪੰਜਾਬ ਅੰਦਰ ਵੱਖ-ਵੱਖ ਥਾਵਾਂ ’ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ, ਉੱਥੇ ਸੰਯੁਕਤ ਕਿਸਾਨ ਮੋਰਚਾ ਭਾਰਤ ਸਮੇਤ ਭਾਕਿਯੂ ਏਕਤਾ (ਉਗਰਾਹਾਂ) ਜਥੇਬੰਦੀਆਂ ਦੇ ਹਮਾਇਤੀ ਐਲਾਨ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣਾ ਪਿਆ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਤੇ ਸਾਰੀਆਂ ਮੰਗਾਂ ਪ੍ਰਵਾਨ ਕਰਨੀਆਂ ਪਈਆਂ। ਜਥੇਬੰਦੀ ਨੇ ਸਭਨਾਂ ਲੋਕਪੱਖੀ ਤੇ ਜਮਹੂਰੀ ਇਨਸਾਫ਼ ਪਸੰਦ ਹਿੱਸਿਆਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੇ ਇਸ ਜ਼ਬਰ ਖ਼ਿਲਾਫ਼ ਸੜਕਾਂ ’ਤੇ ਨਿੱਤਰਨ। ਮਾਰਚ ਵਿਚ ਸ਼ਾਮਿਲ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ, ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ, ਵਿੱਤ ਸਕੱਤਰ ਮਨੋਹਰ ਸਿੰਘ ਸਿੱਖਵਾਲਾ, ਮਲੋਟ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਮਲੋਟ, ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ ਆਦਿ ਬੁਲਾਰਿਆਂ ਤੋਂ ਬਿਨਾਂ ਬਲਾਕਾਂ ਤੇ ਪਿੰਡਾਂ ਦੇ ਪ੍ਰਧਾਨ, ਸਕੱਤਰ, ਸਰਗਰਮ ਵਰਕਰਾਂ ਸਮੇਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ, ਕਾਕਾ ਸਿੰਘ ਖੁੰਡੇ ਹਲਾਲ, ਬਾਜ ਸਿੰਘ ਭੁੱਟੀਵਾਲਾ, ਜਸਵਿੰਦਰ ਸਿੰਘ ਸੰਗੂਧੌਣ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਸਮੱਸਿਆ ਦੇ ਹੱਲ ਲਈ ਐਕਸੀਅਨ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਵਕੀਲਾਂ ਨੇ ਅੰਮ੍ਰਿਤਾ ਵੜਿੰਗ ਨੂੰ ਦਿੱਤਾ ਮੰਗ ਪੱਤਰ
Ad Position 24