ਪੁਲਿਸ ਨੇ ਪਿੰਡ ਮਿੱਡੂ ਖੇੜਾ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾਈ, 4 ਦੋਸ਼ੀ ਗ੍ਰਿਫ਼ਤਾਰ
ਸ੍ਰੀ ਮੁਕਤਸਰ ਸਾਹਿਬ, 1 ਅਗਸਤ (ਹਰਮਹਿੰਦਰਪਾਲ, ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਕੁਤਸਰ ਸਾਹਿਬ ਅਭਿਮੰਨਿਊ ਰਾਣਾ ਆਈ. ਪੀ.
ਸ੍ਰੀ ਮੁਕਤਸਰ ਸਾਹਿਬ, 1 ਅਗਸਤ (ਹਰਮਹਿੰਦਰਪਾਲ, ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਕੁਤਸਰ ਸਾਹਿਬ ਅਭਿਮੰਨਿਊ ਰਾਣਾ ਆਈ.ਪੀ.ਐਸ. ਵਲੋਂ ਜ਼ਿਲ੍ਹੇ ਵਿਚ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਮਨਮੀਤ ਸਿੰਘ ਢਿੱਲੋਂ ਐਸ.ਪੀ. (ਡੀ.) ਅਤੇ ਹਰਬੰਸ ਸਿੰਘ ਡੀ.ਐਸ.ਪੀ. ਲੰਬੀ , ਰਸ਼ਪਾਲ ਸਿੰਘ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਕਰਮਜੀਤ ਕੌਰ ਮੁੱਖ ਅਫ਼ਸਰ ਥਾਣਾ ਕਿੱਲਿਆਂਵਾਲੀ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ, ਇੰਚਾਰਜ ਸੀਆਈਏ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਨੇ ਪਿੰਡ ਮਿੱਡੂ ਖੇੜਾ ਵਿਖੇ ਹੋਏ ਅੰਨ੍ਹੇ ਕਤਲ ਕਾਂਡ ਦੀ ਤਫ਼ਤੀਸ਼ ਕਰਦਿਆਂ ਕਤਲ ਨੂੰ ਸੁਲਝਾਉਂਦਿਆਂ 13 ਦੋਸ਼ੀਆਂ ਨੂੰ ਟਰੇਸ ਕਰਕੇ ਨਾਮਜ਼ਦ ਕਰਦੇ ਹੋਏ ਉਨ੍ਹਾਂ ਵਿਚੋਂ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਮਨਮੀਤ ਸਿੰਘ ਢਿੱਲੋਂ ਐਸ.ਪੀ. (ਡੀ.) ਨੇ ਦੱਸਿਆ ਕਿ ਸੰਦੀਪ ਸਿੰਘ ਉਰਫ਼ ਬੱਬਲੂ ਵਾਸੀ ਪਿੰਡ ਮਿੱਡੂ ਖੇੜਾ ਨਾਲ ਕੁੱਟਮਾਰ ਦੀ ਘਟਨਾ ਵਾਪਰੀ। ਉਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਬਾਦਲ ਅਤੇ ਬਾਅਦ ਵਿਚ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਲੰਬੀ ਵਿਖੇ ਬੀ ਐਨ.ਐਸ ਦੀਆਂ ਧਾਰਾਵਾਂ 103(1), 191(3), 190 ਅਤੇ 238 ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਤਫ਼ਤੀਸ਼ ਦੌਰਾਨ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਨੇ ਮਨੁੱਖੀ ਸੂਚਨਾ, ਟੈਕਨੀਕਲ ਵਿਸ਼ਲੇਸ਼ਣ ਅਤੇ ਹੋਰ ਵਿਗਿਆਨਕ ਸਾਧਨਾ ਦੀ ਮਦਦ ਨਾਲ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾਇਆ ਅਤੇ ਇਸ ਵਿਚ ਸ਼ਾਮਿਲ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ’ਚ ਜਗਦੀਸ਼ ਪੁੱਤਰ ਲਿਖਮਾ ਰਾਮ ਵਾਸੀ ਪਿੰਡ ਮਿੱਡੂ ਖੇੜਾ, ਸਤਪਾਲ ਪੁੱਤਰ ਲਿਖਮਾ ਰਾਮ ਵਾਸੀ ਪਿੰਡ ਮਿੱਡੂ ਖੇੜਾ, ਅਜੈ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਮਿੱਡੂ ਖੇੜਾ ਅਤੇ ਇੰਦਰਜੀਤ ਸਿੰਘ ਉਰਫ਼ ਛਾਂਗਾ ਪੁੱਤਰ ਧਰਮਾ ਰਾਮ ਵਾਸੀ ਪਿੰਡ ਬੀਰੂਵਾਲਾ ਗੁੜਾ ਜ਼ਿਲ੍ਹਾ ਸਿਰਸਾ ਹਨ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੰਦੀਪ ਸਿੰਘ ਉਰਫ਼ ਬੱਬਲੂ ਅਤੇ ਮੁੱਖ ਦੋਸ਼ੀ ਜਗਦੀਸ਼ ਵਿਚਕਾਰ ਪਹਿਲਾਂ ਤੋਂ ਆਪਸੀ ਰੰਜਿਸ਼ ਚੱਲ ਰਹੀ ਸੀ। ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਹੋਏ ਲੜਾਈ-ਝਗੜੇ ਸਬੰਧੀ ਮ੍ਰਿਤਕ ਸੰਦੀਪ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵੀ ਦੋਵਾਂ ਧਿਰਾਂ ਵਿਚਕਾਰ ਰੰਜਿਸ਼ ਜਾ ਰੀ ਰਹੀ। ਇਸੇ ਰੰਜਿਸ਼ ਦੇ ਚੱਲਦਿਆਂ ਜਗਦੀਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਜਿਸ਼ ਤਹਿਤ ਸੰਦੀਪ ਸਿੰਘ ਉਰਫ਼ ਬੱਬਲੂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਦੌਰਾਨ ਮਾਮਲੇ ਨਾਲ ਸਬੰਧਿਤ ਹੋਰ ਅਹਿਮ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ, ਜਿਸ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਇਸ ਤੋਂ ਇਲਾਵਾ ਦੂਸਰੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ।