ਵੱਡੀਆਂ ਨਹਿਰਾਂ ਦੇ ਪੁਲਾਂ ਦੇ ‘ਖ਼ੂਨੀ ਪੁਆਇੰਟ’ 33 ਸਾਲ ਬਾਅਦ ਵੀ ਅਸੁਰੱਖਿਅਤ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਉਪਰ ਪਿੰਡ ਵੜਿੰਗ ਦੇ ਨੇੜਿਓਂ ਲੰਘਦੀਆਂ ਰਾਜਸਥਾਨ ਫ਼ੀਡਰ ਅਤੇ ਸਰਹੰਦ ਫ਼ੀਡਰ ਨਹਿਰਾਂ ਦੇ ਪੁਲ ਅਤੇ ਖ਼ਤਰਨਾਕ ਢਲਾਨ ਵਾਲੇ ਕਿਨਾਰੇ ਵਾਹਨ ਚਾਲਕਾਂ ਲਈ ਨਿਰੰਤਰ ਖ਼ਤਰੇ ਦਾ ਕਾਰਨ ਬਣੇ ਹੋਏ ਹਨ। ਹਾਲਾਤ ਇਹ ਹਨ ਕਿ ਸੜਕ ਦਾ ਪੱਧਰ ਉਚਾ ਹੈ, ਜਦਕਿ ਨਹਿਰਾਂ ਦੇ ਕਿਨਾਰੇ ਹੇਠਾਂ ਵੱਲ ਢਾਲੂ ਹਨ ਪਰ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਇੱਥੇ ਅਜੇ ਤੱਕ ਕੋਈ ਮਜ਼ਬੂਤ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ।
ਸ
ਸੜਕ ਨਾਲੋਂ ਨੀਂਵਾ ਪੁਲ ਤੇ ਸੁਰੱਖਿਆ ਰਹਿਤ ਕਿਨਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਨਵਦੀਪ ਸਿੰਘ ਸੁੱਖੀ।
22-09-2026
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਉਪਰ ਪਿੰਡ ਵੜਿੰਗ ਦੇ ਨੇੜਿਓਂ ਲੰਘਦੀਆਂ ਰਾਜਸਥਾਨ ਫ਼ੀਡਰ ਅਤੇ ਸਰਹੰਦ ਫ਼ੀਡਰ ਨਹਿਰਾਂ ਦੇ ਪੁਲ ਅਤੇ ਖ਼ਤਰਨਾਕ ਢਲਾਨ ਵਾਲੇ ਕਿਨਾਰੇ ਵਾਹਨ ਚਾਲਕਾਂ ਲਈ ਨਿਰੰਤਰ ਖ਼ਤਰੇ ਦਾ ਕਾਰਨ ਬਣੇ ਹੋਏ ਹਨ। ਹਾਲਾਤ ਇਹ ਹਨ ਕਿ ਸੜਕ ਦਾ ਪੱਧਰ ਉਚਾ ਹੈ, ਜਦਕਿ ਨਹਿਰਾਂ ਦੇ ਕਿਨਾਰੇ ਹੇਠਾਂ ਵੱਲ ਢਾਲੂ ਹਨ ਪਰ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਇੱਥੇ ਅਜੇ ਤੱਕ ਕੋਈ ਮਜ਼ਬੂਤ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ 19 ਸਤੰਬਰ 1993 ਨੂੰ ਕੋਟਕਪੂਰਾ ਵਲੋਂ ਆ ਰਹੀ ਸਵਾਰੀਆਂ ਨਾਲ ਖਚਾਖਚ ਭਰੀ ਰੋਡਵੇਜ਼ ਦੀ ਇਕ ਬੱਸ ਰਾਜਸਥਾਨ ਫ਼ੀਡਰ ਵਿਚ ਜਾ ਡਿੱਗੀ ਸੀ, ਜਿਸ ਵਿਚ ਸਵਾਰ ਇਕ ਸਵਾਰੀ ਤੋਂ ਬਿਨਾਂ ਬਾਕੀ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ ਸੀ। ਇਸ ਰੂਹ ਕੰਬਾਊ ਹਾਦਸੇ ਨੂੰ 33 ਸਾਲ ਬੀਤ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਤੋਂ ਇਲਾਵਾ ਲਗਪਗ ਤਿੰਨ ਸਾਲ ਪਹਿਲਾਂ ਵੀ 19 ਸਤੰਬਰ ਦੇ ਦਿਨ ਹੀ ਇਕ ਨਿੱਜੀ ਕੰਪਨੀ ਦੀ ਬੱਸ ਸਰਹੰਦ ਫ਼ੀਡਰ ਨਹਿਰ ਵਿਚ ਡਿੱਗਣ ਕਾਰਨ ਤਿੰਨ ਸਵਾਰੀਆਂ ਦੀ ਜਾਨ ਚਲੀ ਗਈ ਸੀ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਇਨ੍ਹਾਂ ਹਾਦਸਿਆਂ ਦੇ ਬਾਵਜੂਦ ਦੋਵਾਂ ਨਹਿਰਾਂ ਦੇ ਕਿਨਾਰੇ ਸੁਰੱਖਿਆ ਦੀ ਪੱਖੋਂ ਬਿਲਕੁਲ ਸੱਖਣੇ ਹਨ। ਠੰਢ ਤੇ ਧੁੰਦ ਦੇ ਦਿਨਾਂ ਵਿਚ ਇਸ ਸਥਾਨ ’ਤੇ ਹਾਦਸਿਆਂ ਦਾ ਖ਼ਤਰਾ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ। ਪੁਲ ਭੀੜਾ ਹੋਣ ਤੇ ਸੜਕ ਤੋਂ ਨਹਿਰ ਵੱਲ ਤਿੱਖੀ ਢਾਲ ਹੋਣ ਕਾਰਨ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਨਹਿਰ ਦਾ ਕਿਨਾਰਾ ਸਪੱਸ਼ਟ ਦਿਖਾਈ ਨਹੀਂ ਦਿੰਦਾ। ਇਸ ਲਈ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਨਹਿਰਾਂ ਦੇ ਪੁਲਾਂ ਦੇ ਕੋਟਕਪੂਰਾ ਅਤੇ ਸ੍ਰੀ ਮੁਕਤਸਰ ਸਾਹਿਬ ਦੋਵਾਂ ਪਾਸਿਆਂ ’ਤੇ ਮਜ਼ਬੂਤ ਸੁਰੱਖਿਆ ਕੰਧਾਂ ਦੇ ਬੈਰੀਅਰ ਬਣਾਏ ਜਾਣ, ਰਾਤ ਤੇ ਧੁੰਦ ਦੇ ਸਮੇਂ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਲਈ ਬਲਿੰਕਰ, ਰਿਫ਼ਲੈਕਟਰ ਤੇ ਚਿਤਾਵਨੀ ਬੋਰਡ ਲਗਾਏ ਜਾਣ ਅਤੇ ਨਹਿਰੀ ਪੁਲ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਸੜਕ ’ ਤੇ ਹੰਪ ਬਣਾਏ ਜਾਣ। ਟੋਲ ਕੰਪਨੀ ਦੇ ਅਧੂਰੇ ਵਾਅਦੇ - ਜਦੋਂ ਇੱਥੇ ਟੋਲ ਪਲਾਜ਼ਾ ਕੰਪਨੀ ਕਾਰਜਸ਼ੀਲ ਸੀ, ਤਾਂ ਉਸ ਵਲੋਂ ਇਹ ਪੁਲ ਚੌੜੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸ ਸੰਬੰਧੀ ਕੰਪਨੀ ਵਲੋਂ ਕੁਝ ਪੁਟਾਈ ਵੀ ਕੀਤੀ ਗਈ, ਪਰ ਬਾਅਦ ਵਿਚ ਨਾ ਤਾਂ ਪੁਲ ਚੌੜੇ ਕੀਤੇ ਗਏ ਅਤੇ ਨਾ ਹੀ ਨਹਿਰਾਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਚੁੱਕਿਆ ਗਿਆ।