ਡਾਕਖਾਨੇ ਵਾਲੀ ਗਲੀ ਦਾ ਇੰਟਰਲਾਕ ਟਾਈਲਾਂ ਨਾਲ ਚੱਲ ਰਿਹਾ ਨਿਰਮਾਣ ਵਿਵਾਦਾਂ ’ਚ ਘਿਰਿਆ
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਵਰ੍ਹਿਆਂ ਤੋਂ ਫ਼ੇਲ੍ਹ ਸੀਵਰੇਜ ਕਾਰਨ ਮੁਹੱਲਾ ਵਾਸੀਆਂ ਲਈ ‘ਦੋਜਖ਼’ ਬਣੀ ਮੰਡੀ ਕਿੱਲਿਆਂਵਾਲੀ ਦੀ ਬੱਸ ਅੱਡੇ ਸਾਹਮਣੇ ਡਾਕਖਾਨੇ ਵਾਲੀ ਗਲੀ ਦਾ ਇੰਟਰਲਾਕ ਟਾਈਲਾਂ ਨਾਲ ਚੱਲ ਰਿਹਾ ਨਿਰਮਾਣ ਵਿਵਾਦਾਂ ਵਿਚ ਘਿਰ ਗਿਆ ਹੈ। ਟਾਈਲਾਂ ਹੇਠਾਂ ਮਜ਼ਬੂਤੀ ਲਈ ਨਾ-ਮਾਤਰ ਗਟਕਾ (ਪੱਥਰ) ਤੇ ਕਰੈਸ਼ਰ ਦੀ ਜਗ੍ਹਾ ਕਥਿਤ ਮਿੱਟੀ ਅਤੇ ਕੱਕੀ ਬਰੇਤੀ ਵਿਛਾਉਣ ਦੇ ਦੋਸ਼ ਲੱਗੇ ਹਨ।
ਗ
ਗਲੀ ’ਚ ਕਥਿਤ ਕਰੈਸ਼ਰ ਦੀ ਥਾਂ ਵਰਤੀ ਜਾ ਰਹੀ ਮਿੱਟੀ ਦਿਖਾਉਂਦੇ ਗਲੀ ਵਾਸੀ ਭੁਪਿੰਦਰ ਸਿੰਘ ਗਰੇਵਾਲ।
02-10-2026
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਵਰ੍ਹਿਆਂ ਤੋਂ ਫ਼ੇਲ੍ਹ ਸੀਵਰੇਜ ਕਾਰਨ ਮੁਹੱਲਾ ਵਾਸੀਆਂ ਲਈ ‘ਦੋਜਖ਼’ ਬਣੀ ਮੰਡੀ ਕਿੱਲਿਆਂਵਾਲੀ ਦੀ ਬੱਸ ਅੱਡੇ ਸਾਹਮਣੇ ਡਾਕਖਾਨੇ ਵਾਲੀ ਗਲੀ ਦਾ ਇੰਟਰਲਾਕ ਟਾਈਲਾਂ ਨਾਲ ਚੱਲ ਰਿਹਾ ਨਿਰਮਾਣ ਵਿਵਾਦਾਂ ਵਿਚ ਘਿਰ ਗਿਆ ਹੈ। ਟਾਈਲਾਂ ਹੇਠਾਂ ਮਜ਼ਬੂਤੀ ਲਈ ਨਾ-ਮਾਤਰ ਗਟਕਾ (ਪੱਥਰ) ਤੇ ਕਰੈਸ਼ਰ ਦੀ ਜਗ੍ਹਾ ਕਥਿਤ ਮਿੱਟੀ ਅਤੇ ਕੱਕੀ ਬਰੇਤੀ ਵਿਛਾਉਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਸੀਵਰੇਜ ਦੇ ਗੰਦੇ ਪਾਣੀ ਤੋਂ ਬਚਾਉਣ ਲਈ ਵਾਰਡ 8 ਦੀ ਗਲੀ ਨੂੰ ਕਰੀਬ 8 ਇੰਚ ਉਚਾ ਬਣਾਇਆ ਜਾ ਰਿਹਾ ਹੈ। ਕਰੀਬ 80-90 ਫੁੱਟ ਕੰਮ ਹੋ ਚੁੱਕਾ ਹੈ। ਗਲੀ ਵਿਚ ਗਟਕੇ ਦੀ ਥਾਂ ਕਥਿਤ ਮਿੱਟੀ ਵਿਛਾਈ ਗਈ ਹੈ। ਮੌਕੇ ’ਤੇ ਵਿਭਾਗੀ ਜੇ.ਈ. ਦੀ ਗੈਰ-ਮੌਜੂਦਗੀ ਵੀ ਸਵਾਲਾਂ ਦੇ ਘੇਰੇ ਵਿਚ ਹੈ। ਠੇਕੇਦਾਰ ਨੇ ਇਸ ਨਿਰਮਾਣ ਵਿਭਾਗ ਵਲੋਂ ਬਿਨਾਂ ਟੈਂਡਰ ਕਰਵਾਉਣ ਦੀ ਪੁਸ਼ਟੀ ਕੀਤੀ ਹੈ। ਵੱਡੀ ਗੱਲ ਹੈ ਕਿ ਠੇਕੇਦਾਰ ਨੂੰ ਇਸ ਗਲੀ ਨਿਰਮਾਣ ਦੀ ਅੰਦਾਜ਼ਨ ਲਾਗਤ ਬਾਰੇ ਵੀ ਜਾਣਕਾਰੀ ਨਹੀਂ ਹੈ। ਲੰਬੀ ਹਲਕੇ ਵਿਚ ਇਹ ਲਗਾਤਾਰ ਦੂਜੇ ਦਿਨ ਪੰਚਾਇਤੀ ਰਾਜ ਵਿਭਾਗ ਦੇ ਕਥਿਤ ਬਿਨਾਂ ਟੈਂਡਰ ਵਿਕਾਸ ਕਾਰਜ ਦਾ ਮਾਮਲਾ ਸਾਹਮਣੇ ਆਇਆ ਹੈ। ਗਲੀ ਵਾਸੀ ਭੁਪਿੰਦਰ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਕਿ ਨਿਰਮਾਣ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇੰਟਰਲਾਕ ਟਾਈਲਾਂ ਹੇਠਾਂ ਗਟਕਾ ਤੇ ਬੱਜਰੀ ਨਾ-ਮਾਤਰ ਪਾਈ ਜਾ ਰਹੀ ਹੈ ਤੇ ਰੋਡ - ਰੋਲਰ ਵੀ ਨਹੀਂ ਚਲਾਇਆ ਗਿਆ। ਉਨ੍ਹਾਂ ਗਲੀ ਦੇ ਛੇਤੀ ਬੈਠਣ ਤੇ ਟੁੱਟਣ ਦਾ ਖ਼ਦਸ਼ਾ ਪ੍ਰਗਟਾਇਆ। ਉਨ੍ਹਾਂ ਨਿਰਮਾਣ ਲਈ ਲਿਆਂਦਾ ਮਿੱਟੀ ਦਾ ਢੇਰ ਵੀ ਵਿਖਾਇਆ। ਗਲੀ ਵਿਚ ਮੌਜੂਦ ਇਕ ਹੋਰ ਸਰਕਾਰੀ ਕਰਮਚਾਰੀ ਨੇ ਵੀ ਕਰੈਸ਼ਰ ਦੀ ਥਾਂ ਮਿੱਟੀ ਪਾਉਣ ਦੇ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਗਲੀ ਵਾਸੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਸਨ। ਪਿਛਲੇ ਵਰ੍ਹੇ ਗਲੀ ਵਾਸੀਆਂ ਨੇ ਐੱਨ.ਐੱਚ.-9 ’ਤੇ ਧਰਨਾ ਲਗਾ ਕੇ ਸੂਬਾ ਸਰਕਾਰ ਖ਼ਿਲਾਫ਼ ਰੋਹ ਪ੍ਰਗਟ ਕੀਤਾ ਸੀ। ਉਸਾਰੀ ਸਮੱਗਰੀ ਨੂੰ ਲੈ ਕੇ ਭੁਪਿੰਦਰ ਸਿੰਘ ਗਰੇਵਾਲ ਤੇ ਠੇਕੇਦਾਰ ਦੇ ਅਮਲੇ ਵਿਚਕਾਰ ਤਲਖ਼ਕਲਾਮੀ ਵੀ ਹੋਈ। ਮਿਸਤਰੀ ਰਮਨਦੀਪ ਸਿੰਘ ਨੇ ਕਿਹਾ ਕਿ ਕਰੈਸ਼ਰ ਵਾਲੀ ਟਰੈਕਟਰ-ਟਰਾਲੀ ਪੁੱਜਣ ਵਿਚ ਦੇਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸਾਰਾ ਕੰਮ ਵਧੀਆ ਕੀਤਾ ਜਾਵੇਗਾ ਤੇ ਉਪਰ ਵਿਛਾਉਣ ਲਈ ਕਰੈਸ਼ਰ ਦੀ ਟਰਾਲੀ ਮੰਗਵਾਈ ਜਾ ਰਹੀ ਹੈ। ਰਮਨਦੀਪ ਨੇ ਦੱਸਿਆ ਕਿ ਨੀਵੀਂ ਜਾਂ ਉੱਚੀ ਥਾਂ ਦਾ ਲੈਵਲ ਬਰਾਬਰ ਕਰਨ ਲਈ 2 ਤੋਂ 5 ਇੰਚ ਤੱਕ ਗਟਕਾ ਤੇ ਬੈਡ-ਮਿਕਸ ਮਟੀਰੀਅਲ ਪਾਇਆ ਗਿਆ ਹੈ। ਮਿਸਤਰੀਆਂ ਮੁਤਾਬਕ ਰੋਡ-ਰੋਲਰ ਨਾ ਹੋਣ ਕਾਰਨ ਟਰੈਕਟਰ ਦੇ ਗੇੜੇ ਲਗਾ ਕੇ ਸਮੱਗਰੀ ਨੂੰ ਦਬਾਇਆ ਗਿਆ ਹੈ। ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ ਤੇ ਪੰਚਾਇਤੀ ਰਾਜ ਦੇ ਜੇ.ਈ. ਸੌਰਭ ਨੇ ਫ਼ੋਨ ਰਸੀਵ ਨਹੀਂ ਕੀਤਾ। ਸਰਪੰਚ ਗੁਰਮੇਲ ਸਿੰਘ ਟੋਨੀ ਨੇ ਦੱਸਿਆ ਕਿ ਗਲੀ ਵਾਸੀਆਂ ਦੀ ਮੰਗ ’ਤੇ ਪੰਚਾਇਤੀ ਰਾਜ ਵਿਭਾਗ ਵਲੋਂ ਗਲੀ ਨੂੰ ਉੱਚਾ ਕਰਕੇ ਇੰਟਰਲਾਕ ਟਾਈਲਾਂ ਨਾਲ ਨਵੀਂ ਬਣਾਇਆ ਜਾ ਰਿਹਾ ਹੈ।