ਪੀ.ਡਬਲਿਊ.ਡੀ. ਟੈਕਨੀਕਲ ਅਤੇ ਦਰਜਾ ਚਾਰ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੀ. ਡਬਲਿਊ.
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੀ.ਡਬਲਿਊ.ਡੀ. ਟੈਕਨੀਕਲ ਅਤੇ ਦਰਜਾ ਚਾਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖ਼ਾਲਸਾ ਅਤੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ ਨੇ ਮੀਟਿੰਗ ਉਪਰੰਤ ਦੋਸ਼ ਲਗਾਇਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ-2 ਸ੍ਰੀ ਮੁਕਤਸਰ ਸਾਹਿਬ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦੇ ਏਰੀਅਰ ਦੀਆਂ ਕਿਸ਼ਤਾਂ ਮੁਲਾਜ਼ਮਾਂ, ਪੈਨਸ਼ਨਰਾਂ ਤੇ ਫ਼ੈਮਲੀ ਪੈਨਸ਼ਨਰਾਂ ਦੇ ਖਾਤਿਆਂ ਵਿਚ ਨਹੀਂ ਪਾਈਆਂ ਜਾ ਰਹੀਆਂ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1 ਜਨਵਰੀ ਤੋਂ 31 ਦਸੰਬਰ 2016 ਤੱਕ ਦੇ ਏਰੀਅਰ ਦੀ ਅਦਾਇਗੀ ਲਈ ਬਜਟ ਜਾਰੀ ਕਰਦਿਆਂ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ 12 ਕਿਸ਼ਤਾਂ ਵਿਚ ਭੁਗਤਾਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 7 ਮਹੀਨੇ ਬੀਤਣ ਦੇ ਬਾਵਜੂਦ ਸੰਬੰਧਿਤ ਮੰਡਲ ਵਿਚ ਇਕ ਵੀ ਕਿਸ਼ਤ ਦੀ ਅਦਾਇਗੀ ਨਹੀਂ ਹੋਈ। ਇਸ ਤੋਂ ਇਲਾਵਾ ਦਰਜਾ ਚਾਰ ਤੋਂ ਤਰੱਕੀ ਪ੍ਰਾਪਤ ਜੂਨੀਅਰ ਟੈਕਨੀਸ਼ੀਅਨਾਂ ਰਣਜੀਤ ਸਿੰਘ ਤੇ ਕਰਮ ਰਾਜ ਦੀ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹ ਨਵੇਂ ਅਹੁਦੇ ਅਨੁਸਾਰ ਨਹੀਂ ਬਣਾਈ ਗਈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੇ ਪਰਖ਼ ਸਮੇਂ ਨਾਲ ਸੰਬੰਧਿਤ ਏਰੀਅਰ ਬਾਰੇ ਅਦਾਲਤੀ ਫ਼ੈਸਲੇ ਅਤੇ ਜ਼ੋਨਲ ਸਹਾਇਕ ਵਿੱਤ ਕੰਟਰੋਲਰ ਬਠਿੰਡਾ ਦੇ ਹੁਕਮਾਂ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਅਨੁਸਾਰ ਜਥੇਬੰਦੀ ਵਲੋਂ ਕਾਰਜਕਾਰੀ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਨਾਲ ਵਾਰ-ਵਾਰ ਮੁਲਾਕਾਤ ਕਰਨ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਲੇਖਾ ਸ਼ਾਖਾ ਵਿਚ ਲੋੜੀਂਦਾ ਸਟਾਫ਼ ਨਾ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਦਕਿ ਵਿਕਾਸ ਕਾਰਜਾਂ ਦੇ ਠੇਕੇਦਾਰਾਂ ਦੇ ਬਿੱਲ ਪਾਸ ਕਰਕੇ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਲੋਟ ਤੇ ਅਬੋਹਰ ਮੰਡਲਾਂ ਵਿਚ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਏਰੀਅਰ ਦੀਆਂ ਕਿਸ਼ਤਾਂ ਨਹੀਂ ਮਿਲੀਆਂ। ਆਗੂਆਂ ਨੇ ਦੱਸਿਆ ਕਿ ਇਸ ਸੰਬੰਧੀ ਪੰਜਾਬ ਦੇ ਮੁੱਖ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਪੰਜਾਬ ਰਾਜ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਅਤੇ ਅਕਾਊਂਟੈਂਟ ਜਨਰਲ ਪੰਜਾਬ ਨੂੰ ਈ-ਮੇਲ ਅਤੇ ਡਾਕ ਰਾਹੀਂ ਮੰਗ ਪੱਤਰ ਭੇਜ ਕੇ ਏਰੀਅਰ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਅਤੇ ਕਥਿਤ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਸੇਵਾ ਮੁਕਤ ਸੁਪਰਡੈਂਟ ਗਰੇਡ-2 ਅਸ਼ਵਨੀ ਕੁਮਾਰ, ਸੇਵਾ ਮੁਕਤ ਜੇ.ਈ. ਨਿਰੰਜਣ ਸਿੰਘ ਭਾਟੀਆ, ਸੇਵਾ ਮੁਕਤ ਜੂਨੀਅਰ ਟੈਕਨੀਸ਼ੀਅਨ ਸੱਤ ਪਾਲ, ਰਾਮ ਮੇਹਰ ਸਮੇਤ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਫ਼ੈਮਲੀ ਪੈਨਸ਼ਨਰ ਹਾਜ਼ਰ ਸਨ।