ਮਾਨਸਾ, 2 ਜਨਵਰੀ (ਬਾਂਸਲ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਨੇ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ | ਸਵੇਰ ਦੇ ਸਮੇਂ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਮਜ਼ਦੂਰਾਂ ਲਈ ਦਿਨ ਦੀ ਸ਼ੁਰੂਆਤ ਬਹੁਤ ਅÏਖੀ ਬਣ ਗਈ ਹੈ | ਠੰਢੀਆਂ ਹਵਾਵਾਂ ਅਤੇ ਨਮੀ ਭਰੀ ਧੁੰਦ ਕਾਰਨ ਲੋਕਾਂ ਨੂੰ ਧੂਣੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ | ਰੋਜ਼ਾਨਾ ਦਿਹਾੜੀ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਧੁੰਦ ਅਤੇ ਠੰਢ ਕਾਰਨ ਕੰਮ ਦੇ ਘੰਟੇ ਘਟ ਰਹੇ ਹਨ, ਜਿਸ ਨਾਲ ਆਮਦਨ 'ਤੇ ਸਿੱਧਾ ਅਸਰ ਪੈ ਰਿਹਾ ਹੈ | ਇਹ ਮੌਸਮ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਕਰ ਰਿਹਾ ਹੈ | ਡਾਕਟਰਾਂ ਵਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ | ਕਿਸਾਨਾਂ ਅਨੁਸਾਰ ਇਹ ਮੌਸਮ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ | ਧੁੰਦ ਨਾਲ ਸੜਕਾਂ ਹਾਦਸਿਆਂ ਦਾ ਖ਼ਤਰਾ ਵੀ ਵਧਿਆ ਹੈ | ਜ਼ਿਕਰਯੋਗ ਹੈ ਕਿ ਇਸ ਮੌਸਮ ਦੌਰਾਨ ਹਰ ਸਾਲ ਕਈ ਹਾਦਸੇ ਹੁੰਦੇ ਹਨ, ਜਿਸ ਕਰ ਕੇ ਕਈਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ | ਟਰੈਫ਼ਿਕ ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ ਵਿਚ ਸੜਕ ਸੁਰੱਖਿਆ ਨਿਯਮਾਂ ਜਿਵੇਂ ਕਿ ਹੌਲੀ ਗਤੀ ਨਾਲ ਗੱਡੀ ਚਲਾਉਣ ਤੇ ਲੋਅ ਬੀਮ ਲਾਈਟਾਂ ਦੀ ਵਰਤੋਂ ਦੇ ਨਾਲ-ਨਾਲ ਸਾਹਮਣੇ ਜਾਂਦੇ ਵਾਹਨ ਤੋਂ ਉਚਿੱਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ |