ਝੁਨੀਰ, 30 ਜਨਵਰੀ (ਸੰਜੀਵ ਸਿੰਗਲਾ)- ਮਜ਼ਦੂਰ ਐਸੋਸੀਏਸ਼ਨ ਪੰਜਾਬ ਵਲੋਂ ਗੁਰਦੁਆਰਾ ਸੂਲੀਸਰ ਸਾਹਿਬ ਕੋਟਧਰਮੂ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟਧਰਮੂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਭੱਠਾ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ 'ਤੇ ਤਿੱਖੀ ਚਰਚਾ ਕੀਤੀ ਗਈ | ਆਗੂਆਂ ਨੇ ਦੋਸ਼ ਲਗਾਇਆ ਕਿ ਭੱਠਾ ਮਜ਼ਦੂਰਾਂ ਦੀ ਰੋਜ਼ਾਨਾ ਦਿਹਾੜੀ ਸਰਕਾਰ ਵਲੋਂ ਘੱਟੋ-ਘੱਟ ਉਜਰਤ ਸਲਾਹਕਾਰ ਬੋਰਡ ਪੰਜਾਬ ਰਾਹੀਂ ਤਹਿ ਕੀਤੀ ਗਈ ਹੈ ਪਰ ਭੱਠਾ ਮਾਲਕ ਇਸ ਦੀ ਪਾਲਣਾ ਨਹੀਂ ਕਰ ਰਹੇ ਅਤੇ ਮਜ਼ਦੂਰਾਂ ਨੂੰ ਘੱਟ ਦਿਹਾੜੀ ਦੇ ਕੇ ਉਨ੍ਹਾਂ ਦਾ ਖੁੱਲ੍ਹਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਫ਼ੈਸਲਾ ਕੀਤਾ ਗਿਆ ਕਿ ਭੱਠਾ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰ ਕੇ ਜਲਦ ਹੀ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਅਗਲੀ ਸੰਘਰਸ਼ੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ | ਜਥੇਬੰਦੀ ਦੇ ਮਜ਼ਦੂਰ ਵਿੰਗ ਦੀ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਗਈ, ਜਿਸ 'ਚ ਸੋਨੀ ਖਾਂ ਬਾਜੇਵਾਲਾ ਨੂੰ ਜ਼ਿਲ੍ਹਾ ਪ੍ਰਧਾਨ, ਗੁਰਸੇਵਕ ਸਿੰਘ ਸਕੱਤਰ, ਜੱਗਾ ਖ਼ਾਨ ਸੀਨੀਅਰ ਮੀਤ ਪ੍ਰਧਾਨ, ਸ਼ੇਰ ਖਾਂ ਮੀਤ ਪ੍ਰਧਾਨ, ਜਸਵਿੰਦਰ ਸੱਤੀ ਸਲਾਹਕਾਰ, ਕਰਨੈਲ ਸਿੰਘ ਅਤੇ ਨਿੱਕਾ ਸਿੰਘ ਖ਼ਜ਼ਾਨਚੀ, ਜੁਗਰਾਜ ਸਿੰਘ, ਬਿੰਦਰ ਸਿੰਘ, ਨਵਾਬ ਸਿੰਘ ਕੋਟੜਾ ਅਤੇ ਸੁਖਵਿੰਦਰ ਸਿੰਘ ਨੂੰ ਸਹਾਇਕ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ | ਮੀਟਿੰਗ ਦੀ ਸਮਾਪਤੀ ਉਪਰੰਤ ਕੋਟਧਰਮੂ ਤੋਂ ਝੁਨੀਰ ਤੱਕ ਰੋਡ ਰੈਲੀ ਕੱਢੀ ਗਈ, ਜਿਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਤੇ ਮਜ਼ਦੂਰ ਸ਼ਾਮਿਲ ਹੋਏ | ਇਸ ਮੌਕੇ ਸੂਬਾ ਜਨਰਲ ਸਕੱਤਰ ਜਗਸੀਰ ਸਿੰਘ ਜੱਗੀ, ਸੂਬਾ ਆਗੂ ਗੋਰਾ ਸਿੰਘ, ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਕੋਟਧਰਮੂ, ਨੌਜਵਾਨ ਆਗੂ ਗੁਰਲਾਲ ਸਿੰਘ ਕੋਟਧਰਮੂ ਆਦਿ ਹਾਜ਼ਰ ਸਨ |