ਭੀਖੀ, 30 ਜਨਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਕਿਸਾਨ ਮਜ਼ਦੂਰ ਖੇਤੀਬਾੜੀ ਹਾਦਸਾ ਭਲਾਈ ਯੋਜਨਾ ਤਹਿਤ ਹਾਦਸਾ ਗ੍ਰਸਤ ਪਰਿਵਾਰਾਂ ਨੂੰ ਵਿੱਤੀ ਮਦਦ ਦੇ ਚੈੱਕ ਦਿੰਦਿਆਂ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਸਰਕਾਰ ਹਰ ਵਰਗ ਦੀ ਭਲਾਈ ਲਈ ਪ੍ਰਤੀਬੱਧ ਹੈ | ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਖੇਤੀ ਹਾਦਸਾ ਪੀੜਤਾਂ ਨੂੰ ਨਿਰੰਤਰ ਮਦਦ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਪਿੰਡ ਹਮੀਰਗੜ੍ਹ ਢੈਪਈ ਵਿਖੇ ਕਣਕ ਦੀ ਨਾੜ ਨੂੰ ਲੱਗੀ ਅੱਗ ਕਾਰਨ ਝੁਲਸੇ ਕਿਸਾਨ ਜਗਸੀਰ ਸਿੰਘ ਦੀ ਮੌਤ ਹੋਣ ਕਰ ਕੇ ਪੀੜਤ ਪਰਿਵਾਰ ਨੂੰ 3 ਲੱਖ ਰੁਪਏ, ਪਿੰਡ ਕੋਟੜਾ ਦੇ ਹਰਦੀਪ ਸਿੰਘ ਦਾ ਟੋਕਾ ਕਰਦੇ ਸਮੇਂ ਮਸ਼ੀਨ ਵਿਚ ਹੱਥ ਗਵਾਉਣ ਕਾਰਨ 48 ਹਜ਼ਾਰ ਰੁਪਏ ਅਤੇ ਪਿੰਡ ਸਮਾਓਾ ਦੇ ਰਣਜੀਤ ਸਿੰਘ ਦੀਆਂ ਹਲ ਡਿੱਗਣ ਕਾਰਨ ਹੱਥਾਂ ਦੀਆਂ ਉਂਗਲਾਂ ਕੱਟਣ ਕਰ ਕੇ 24 ਹਜ਼ਾਰ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ | ਕਮੇਟੀ ਚੇਅਰਮੈਨ ਮਾਸਟਰ ਵਰਿੰਦਰ ਸੋਨੀ ਨੇ ਕਿਹਾ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਖੇਤੀ ਹਾਦਸੇ ਕਾਰਨ ਦਿੱਕਤ ਆਉਂਦੀ ਹੈ ਤਾਂ ਉਹ ਬੇਝਿਜਕ ਮਾਰਕੀਟ ਕਮੇਟੀ ਦਫ਼ਤਰ ਨਾਲ ਰਾਬਤਾ ਕਾਇਮ ਕਰਨ | ਇਸ ਮੌਕੇ ਸਕੱਤਰ ਗੁਰਵਿੰਦਰ ਸਿੰਘ ਚਹਿਲ, ਲੇਖਾਕਾਰ ਪ੍ਰੀਤੀ ਰਾਣੀ, ਗੁਰਵਿੰਦਰ ਸ਼ਰਮਾ, ਜਗਤਾਰ ਸਿੰਘ ਸੋਹੀ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ |